ਆਲਮੀ ਪੱਧਰ ਤਕ ਵਿਰੋਧ ਪ੍ਰਦਰਸ਼ਨ ਲਿਜਾਣ ਦੀ ਤਿਆਰੀ ਵਿਚ ਪਹਿਲਵਾਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਵਿਦੇਸ਼ਾਂ ਦੇ ਉਲੰਪੀਅਨਾਂ ਨਾਲ ਕਰਾਂਗੇ ਸੰਪਰਕ, 21 ਮਈ ਤੋਂ ਬਾਅਦ ਲਵਾਂਗੇ ਅੰਦੋਲਨ ਬਾਰੇ ਵੱਡਾ ਫ਼ੈਸਲਾ 

Representational Image

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 23 ਦਿਨ ਤੋਂ ਦੇ ਰਹੇ ਹਨ ਧਰਨਾ 

ਨਵੀਂ ਦਿੱਲੀ : ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐਫ਼.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ 'ਤੇ ਵਿਦੇਸ਼ਾਂ ਤੋਂ ਉਲੰਪਿਕ ਤਮਗ਼ਾ ਜੇਤੂ ਖਿਡਾਰੀਆਂ ਨਾਲ ਸੰਪਰਕ ਕਰ ਕੇ ਅਪਣੇ ਅੰਦੋਲਨ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਦਾ ਫ਼ੈਸਲਾ ਕੀਤਾ ਹੈ। ਪਹਿਲਵਾਨਾਂ ਨੇ ਸੋਮਵਾਰ ਨੂੰ ਕਿਹਾ ਕਿ ਅੰਦੋਲਨ ਬਾਰੇ ਵੱਡਾ ਫ਼ੈਸਲਾ 21 ਮਈ ਤੋਂ ਬਾਅਦ ਲਿਆ ਜਾਵੇਗਾ।

ਉਲੰਪਿਕ ਤਮਗ਼ਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗ਼ਾ ਜੇਤੂ ਵਿਨੇਸ਼ ਫੋਗਾਟ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ 23 ਦਿਨਾਂ ਤੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਬ੍ਰਿਜ ਭੂਸ਼ਣ 'ਤੇ ਮਹਿਲਾ ਪਹਿਲਵਾਨਾਂ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਪਹਿਲਵਾਨਾਂ ਵਿਚ ਇਕ ਨਾਬਾਲਗ਼ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਈਲਵਾਲ ਤੇ ਤੂੰਗਾਂ 'ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਰਖਿਆ ਨੀਂਹ ਪੱਥਰ

ਜਕਾਰਤਾ ਏਸ਼ੀਆਈ ਖੇਡਾਂ 2018 ਦੀ ਸੋਨ ਤਮਗ਼ਾ ਜੇਤੂ ਵਿਨੇਸ਼ ਨੇ ਕਿਹਾ, “ਅਸੀ ਇਸ ਪ੍ਰਦਰਸ਼ਨ ਨੂੰ ਵਿਸ਼ਵ ਪੱਧਰ ਤਕ ਲੈ ਕੇ ਜਾਵਾਂਗੇ। ਅਸੀ ਦੂਜੇ ਦੇਸ਼ਾਂ ਦੇ ਉਲੰਪਿਅਨਾਂ ਅਤੇ ਉਲੰਪਿਕ ਤਮਗ਼ਾ ਜੇਤੂਆਂ ਨਾਲ ਸੰਪਰਕ ਕਰਾਂਗੇ। ਅਸੀ ਉਨ੍ਹਾਂ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਦਾ ਸਮਰਥਨ ਮੰਗਾਂਗੇ।”

ਉਸ ਨੇ ਇਹ ਵੀ ਦੋਸ਼ ਲਾਇਆ ਕਿ ਐਤਵਾਰ ਰਾਤ ਨੂੰ ਕੁਝ ਲੋਕਾਂ ਨੇ ਉਨ੍ਹਾਂ ਦੇ ਪ੍ਰਦਰਸ਼ਨ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਧਰਨੇ ਵਾਲੀ ਥਾਂ ’ਤੇ ਪਹਿਲਵਾਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਵਿਨੇਸ਼ ਨੇ ਕਿਹਾ, ''ਕੁਝ ਲੋਕਾਂ ਨੇ ਸਾਡੇ ਪ੍ਰਦਰਸ਼ਨ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ। ਪਿਛਲੀ ਵਾਰ ਅਜਿਹਾ ਉਦੋਂ ਹੋਇਆ ਸੀ ਜਦੋਂ ਅਸੀ ਪ੍ਰਦਰਸ਼ਨ ਵਾਲੀ ਥਾਂ 'ਤੇ ਬਿਸਤਰੇ ਲਿਆ ਰਹੇ ਸੀ।"

ਉਸ ਨੇ ਕਿਹਾ, “ਸਾਡਾ ਪਿੱਛਾ ਕੀਤਾ ਜਾ ਰਿਹਾ ਹੈ। ਲੋਕ ਰਿਕਾਰਡਿੰਗ ਕਰ ਰਹੇ ਹਨ ਅਤੇ ਤਸਵੀਰਾਂ ਲੈ ਰਹੇ ਹਨ। ਜਦੋਂ ਅਸੀ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਹਾਂ, ਤਾਂ ਉਹ ਸਾਡੀ ਗੱਲ ਨਹੀਂ ਸੁਣਦੇ। ਕੁਝ ਅਣਪਛਾਤੇ ਲੋਕ (ਔਰਤਾਂ) ਵੀ ਇਥੇ (ਪਹਿਲਵਾਨਾਂ ਦੁਆਰਾ ਲਗਾਏ ਗਏ ਤੰਬੂਆਂ ਦੇ ਅੰਦਰ) ਸੌਣ ਦੀ ਕੋਸ਼ਿਸ਼ ਕਰ ਰਹੇ ਸਨ।"

ਵਿਨੇਸ਼ ਨੇ ਕਿਹਾ ਕਿ ਉਹ ਅਪਣਾ ਵਿਰੋਧ ਜੰਤਰ-ਮੰਤਰ ਤਕ ਸੀਮਤ ਨਹੀਂ ਰੱਖੇਗੀ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਅਪਣੇ ਦੁੱਖ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਜੰਤਰ-ਮੰਤਰ 'ਤੇ, ਅਸੀਂ ਮਹਿਸੂਸ ਕਰਦੇ ਹਾਂ ਜਿਵੇਂ ਅਸੀ ਕਿਸੇ ਜਗ੍ਹਾ ਤਕ ਸੀਮਤ ਹੋ ਗਏ ਹਾਂ। ਇਸ ਲਈ ਜਿੰਨਾ ਜ਼ਿਆਦਾ ਅਸੀ ਹੋਰ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕਰਦੇ ਹਾਂ, ਉਨਾਂ ਹੀ ਬਿਹਤਰ ਲੋਕ ਸਾਡੀ ਸਥਿਤੀ ਨੂੰ ਸਮਝਣਗੇ।