ਬਿਹਾਰ ਦੀ ਕਰਾਕਟ ਲੋਕ ਸਭਾ ਸੀਟ ਤੋਂ ਮਾਂ-ਪੁੱਤਰ ਆਹਮੋ-ਸਾਹਮਣੇ
ਭੋਜਪੁਰੀ ਅਦਾਕਾਰ ਪਵਨ ਸਿੰਘ ਦੀ ਮਾਂ ਨੇ ਕਰਾਕਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ
ਪਟਨਾ: ਭੋਜਪੁਰੀ ਅਦਾਕਾਰ ਪਵਨ ਸਿੰਘ ਦੀ ਮਾਂ ਪ੍ਰਤਿਮਾ ਪੁਰੀ ਨੇ ਮੰਗਲਵਾਰ ਨੂੰ ਬਿਹਾਰ ਦੀ ਕਰਾਕਟ ਲੋਕ ਸਭਾ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਪਵਨ ਸਿੰਘ ਅਤੇ ਉਨ੍ਹਾਂ ਦੀ ਮਾਂ ਦੋਹਾਂ ਨੇ ਚੋਣਾਂ ਲੜਨ ਬਾਰੇ ਕੋਈ ਬਿਆਨ ਨਹੀਂ ਦਿਤਾ ਹੈ।
ਰਾਸ਼ਟਰੀ ਲੋਕ ਮੋਰਚਾ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਕਰਾਕਟ ਲੋਕ ਸਭਾ ਸੀਟ ਤੋਂ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਦੇ ਉਮੀਦਵਾਰ ਹਨ। ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੀ ਅਗਵਾਈ ਵਾਲੇ ਮਹਾਗਠਜੋੜ ਨੇ ਸੀ.ਪੀ.ਆਈ. (ਐਮ.ਐਲ.) ਦੇ ਰਾਜਾਰਾਮ ਸਿੰਘ ਨੂੰ ਇਸ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ।
ਕਿਆਸ ਲਗਾਏ ਜਾ ਰਹੇ ਹਨ ਕਿ ਸਿੰਘ ਦੀ ਮਾਂ ਪ੍ਰਤਿਮਾ ਦੇਵੀ ਨੇ ਆਜ਼ਾਦ ਉਮੀਦਵਾਰ ਵਜੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੀ ਹੈ।
ਸੂਤਰਾਂ ਨੇ ਦਸਿਆ ਕਿ ਪਛਮੀ ਬੰਗਾਲ ਦੇ ਆਸਨਸੋਲ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਤੋਂ ਇਨਕਾਰ ਕਰਨ ਵਾਲੇ ਪਵਨ ਸਿੰਘ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਕਰਾਕਟ ’ਚ ਐਨ.ਡੀ.ਏ. ਉਮੀਦਵਾਰ ਦੇ ਵਿਰੁਧ ਚੋਣ ਨਾ ਲੜਨ ਦੇ ਹੁਕਮ ਦਿਤੇ ਹਨ।
ਇਹ ਸਮਝਿਆ ਜਾਂਦਾ ਹੈ ਕਿ ਪਵਨ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕਰਨ ਦਾ ਫੈਸਲਾ ਕਰਨ ਤੋਂ ਪਹਿਲਾਂ ਲੋਕ ਸਭਾ ਟਿਕਟ ਲਈ ਆਰ.ਜੇ.ਡੀ. ਵਰਗੀਆਂ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕੀਤੀ ਸੀ। ਕਰਾਕਟ ਲੋਕ ਸਭਾ ਸੀਟ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਰੀਕ 17 ਮਈ ਹੈ। ਵੋਟਾਂ 1 ਜੂਨ ਨੂੰ ਪੈਣਗੀਆਂ।