Sachin Tendulkar’s security guard : ਸਚਿਨ ਤੇਂਦੁਲਕਰ ਦੀ ਸੁਰੱਖਿਆ 'ਚ ਤਾਇਨਾਤ SRPF ਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਜਵਾਨ ਦੀ ਪਛਾਣ ਪ੍ਰਕਾਸ਼ ਕਾਪੜੇ ਵਜੋਂ ਹੋਈ ਹੈ, ਉਹ ਛੁੱਟੀ 'ਤੇ ਆਪਣੇ ਘਰ ਗਿਆ ਹੋਇਆ ਸੀ

Sachin Tendulkar’s security guard

Sachin Tendulkar’s security guard : ਮਹਾਰਾਸ਼ਟਰ ਦੇ ਜਲਗਾਓਂ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਚਿਨ ਤੇਂਦੁਲਕਰ (Sachin Tendulkar) ਦੀ ਸੁਰੱਖਿਆ 'ਚ ਤਾਇਨਾਤ ਸਟੇਟ ਰਿਜ਼ਰਵ ਪੁਲਿਸ ਬਲ (SRPF) ਦੇ ਇੱਕ ਜਵਾਨ ਨੇ ਜਾਮਨੇਰ ਸ਼ਹਿਰ ਵਿੱਚ ਆਪਣੇ ਜੱਦੀ ਘਰ ਵਿੱਚ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਨਿਊਜ਼ ਏਜੰਸੀ ਆਈਏਐਨਐਸ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਮ੍ਰਿਤਕ ਜਵਾਨ ਦੀ ਪਛਾਣ ਪ੍ਰਕਾਸ਼ ਕਾਪੜੇ ਵਜੋਂ ਹੋਈ ਹੈ। ਉਹ ਛੁੱਟੀ 'ਤੇ ਆਪਣੇ ਘਰ ਗਿਆ ਹੋਇਆ ਸੀ।

ਕੀ ਹੈ ਪੂਰਾ ਮਾਮਲਾ?

ਪ੍ਰਕਾਸ਼ ਕਾਪੜੇ ਨਾਂ ਦਾ ਵਿਅਕਤੀ ਰਾਜ ਰਿਜ਼ਰਵ ਪੁਲਿਸ ਬਲ (SRPF) ਦਾ ਜਵਾਨ ਸੀ, ਜੋ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਸੁਰੱਖਿਆ 'ਚ ਤਾਇਨਾਤ ਸੀ। ਪ੍ਰਕਾਸ਼ ਛੁੱਟੀ 'ਤੇ ਆਪਣੇ ਜੱਦੀ ਘਰ ਗਿਆ ਹੋਇਆ ਸੀ। ਉਸ ਨੇ ਬੀਤੀ ਦੇਰ ਰਾਤ ਯਾਨੀ 14 ਮਈ ਨੂੰ ਜਾਮਨੇਰ ਸ਼ਹਿਰ ਵਿੱਚ ਆਪਣੇ ਜੱਦੀ ਘਰ ਵਿੱਚ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ 2 ਵਜੇ ਦੇ ਕਰੀਬ ਵਾਪਰੀ। ਮ੍ਰਿਤਕ ਵੱਲੋਂ ਖੁਦਕੁਸ਼ੀ ਕਰਨ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।

ਪੁਲਿਸ ਨੇ ਕੀ ਕਿਹਾ?

ਇਸ ਘਟਨਾ ਸਬੰਧੀ ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਪੁਲਿਸ ਨੇ ਦੱਸਿਆ ਕਿ ਇਹ ਘਟਨਾ 14 ਮਈ ਦੀ ਰਾਤ ਦੀ ਹੈ। ਉਸ ਨੇ ਆਤਮ ਹੱਤਿਆ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਐਫਆਈਆਰ ਦੀ ਜਾਂਚ ਵਿੱਚ ਲੱਗਦਾ ਹੈ ਕਿ ਕਾਪੜੇ ਨੇ ਕੁਝ ਨਿੱਜੀ ਕਾਰਨਾਂ ਕਰਕੇ ਖੁਦ ਨੂੰ ਗੋਲੀ ਮਾਰੀ ਹੈ ਪਰ ਅਸੀਂ ਅਜੇ ਪੂਰੀ ਜਾਂਚ ਦੀ ਉਡੀਕ ਕਰ ਰਹੇ ਹਾਂ। ਪੁਲਿਸ ਨੇ ਅੱਗੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਾਮਨੇਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਉਸ ਦੇ ਸਾਥੀਆਂ ਅਤੇ ਹੋਰ ਜਾਣਕਾਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਮ੍ਰਿਤਕ ਪ੍ਰਕਾਸ਼ ਕਾਪੜੇ ਮੰਤਰੀ ਛਗਨ ਭੁਜਬਲ ਅਤੇ ਨਰਾਇਣ ਰਾਣੇ ਦੇ ਬਾਡੀਗਾਰਡ ਵਜੋਂ ਵੀ ਕੰਮ ਕਰ ਚੁੱਕੇ ਹਨ। ਕੁਝ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਸੁਤੰਤਰ ਤੌਰ 'ਤੇ ਜਾਂਚ ਕੀਤੀ ਜਾ ਸਕਦੀ ਹੈ ਕਿਉਂਕਿ ਉਹ VVIP ਸੁਰੱਖਿਆ 'ਚ ਸੀ। ਮ੍ਰਿਤਕ ਪ੍ਰਕਾਸ਼ ਕਾਪੜੇ ਦੇ ਪਰਿਵਾਰ ਵਿਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ, ਦੋ ਨਾਬਾਲਗ ਬੱਚੇ, ਇਕ ਭਰਾ ਅਤੇ ਕੁਝ ਹੋਰ ਮੈਂਬਰ ਸ਼ਾਮਲ ਹਨ।