ਤੇਜਸਵੀ ਯਾਦਵ ਨੇ ਕਿਹਾ, ‘ਚਾਚਾ’ ਨਿਤੀਸ਼ ਕੁਮਾਰ ਦਾ ਪੂਰਾ ਸਮਰਥਨ ਮਿਲ ਰਿਹੈ’, ਭੜਕੇ ਭਾਜਪਾ ਆਗੂ ਨੇ ਜਾਣੋ ਕੀ ਦਿਤਾ ਜਵਾਬ
ਘਬਰਾ ਕੇ ਬੇਬੁਨਿਆਦ ਬਿਆਨ ਦੇ ਰਹੇ ਹਨ ਤੇਜਸਵੀ : ਗਿਰੀਰਾਜ ਸਿੰਘ
ਪਟਨਾ: ਰਾਸ਼ਟਰੀ ਜਨਤਾ ਪਲ (ਆਰ.ਜੇ.ਡੀ.) ਆਗੂ ਤੇਜਸਵੀ ਯਾਦਵ ਨੇ ਇਕ ਚੋਣ ਰੈਲੀ ’ਚ ਕਿਹਾ ਕਿ ਉਨ੍ਹਾਂ ਨੂੰ ‘ਚਾਚਾ’ ਨਿਤੀਸ਼ ਕੁਮਾਰ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਬੁਧਵਾਰ ਨੂੰ ਕਿਹਾ ਕਿ ਤੇਜਸਵੀ ਯਾਦਵ ਘਬਰਾ ਕੇ ਅਜਿਹੇ ਬੇਬੁਨਿਆਦ ਬਿਆਨ ਦੇ ਰਹੇ ਹਨ।
ਤੇਜਸਵੀ ਯਾਦਵ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਇਸ ਸਮੇਂ ਭਾਜਪਾ ਨਾਲ ਗੱਠਜੋੜ ’ਚ ਚੋਣ ਲੜ ਰਹੇ ਜਨਤਾ ਦਲ (ਯੂ) ਦੇ ਪ੍ਰਧਾਨ ਅਤੇ ‘ਚਾਚਾ’ ਨਿਤੀਸ਼ ਕੁਮਾਰ ਦਾ ਸਮਰਥਨ ਉਨ੍ਹਾਂ ਨੂੰ ਕੇਂਦਰ ਵਿਚ ਸੱਤਾਧਾਰੀ ਪਾਰਟੀ ਨੂੰ ਹਰਾਉਣ ਲਈ ਮਿਲ ਰਿਹਾ ਹੈ। ਉਨ੍ਹਾਂ ਕਿਹਾ ਸੀ, ‘‘ਚਾਚਾ ਨੂੰ ਸ਼ਾਇਦ ਭਾਜਪਾ ਨੇ ਅਗਵਾ ਕਰ ਲਿਆ ਹੈ ਪਰ ਉਨ੍ਹਾਂ ਨੇ ਮੈਨੂੰ 2014 ’ਚ ਸੱਤਾ ’ਚ ਆਏ ਲੋਕਾਂ ਨੂੰ ਸੱਤਾ ਤੋਂ ਹਟਾਉਣ ਦੀ ਮਹੱਤਤਾ ਸਿਖਾਈ। ਅੰਦਰੋਂ ਇਹ ਭਾਵਨਾ ਬਰਕਰਾਰ ਹੈ।’’ ਯਾਦਵ ਨੇ ਅੱਗੇ ਕਿਹਾ ਸੀ, ‘‘ਮੈਂ ਜਾਣਦਾ ਹਾਂ ਕਿ ਉਨ੍ਹਾਂ ਦਾ ਆਸ਼ੀਰਵਾਦ ਮੇਰੇ ਨਾਲ ਹੈ ਕਿਉਂਕਿ ਮੈਂ ਉਨ੍ਹਾਂ ਦੀ ਲੜਾਈ ਨੂੰ ਅੱਗੇ ਵਧਾ ਰਿਹਾ ਹਾਂ। ਜ਼ਰਾ ਧਿਆਨ ਦਿਉ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਦਿਨ ਅਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ ਉਸੇ ਦਿਨ ਉਨ੍ਹਾਂ ਦੀ ਸਿਹਤ ਵਿਗੜਨੀ ਸੀ। ਸਪੱਸ਼ਟ ਹੈ ਕਿ ਮੈਨੂੰ ਉਨ੍ਹਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ।’’
ਉਧਰ ਬੇਗੂਸਰਾਏ ਲੋਕ ਸਭਾ ਹਲਕੇ ਤੋਂ ਅਪਣੀ ਕਿਸਮਤ ਅਜ਼ਮਾ ਰਹੇ ਭਾਜਪਾ ਆਗੂ ਗਿਰੀਰਾਜ ਸਿੰਘ ਨੇ ਤੇਜਸਵੀ ਦੀ ਟਿਪਣੀ ਵਿਰੁਧ ਕਿਹਾ ਕਿ ਲੋਕ ਸਭਾ ਚੋਣਾਂ ਦੇ ਚਾਰ ਪੜਾਵਾਂ ਤੋਂ ਬਾਅਦ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲਾ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਦੇਸ਼ ’ਚ 400 ਤੋਂ ਵੱਧ ਸੀਟਾਂ ਅਤੇ ਬਿਹਾਰ ਦੀਆਂ ਸਾਰੀਆਂ 40 ਸੀਟਾਂ ਜਿੱਤੇਗਾ। ਆਰ.ਜੇ.ਡੀ. ਨੇਤਾ (ਤੇਜਸਵੀ ਯਾਦਵ) ਹੁਣ ਘਬਰਾ ਗਏ ਹਨ। ਉਹ ‘ਘਬਰਾਹਟ’ ਕਾਰਨ ਸਿਰਫ ਬੇਬੁਨਿਆਦ ਬਿਆਨ ਦੇ ਰਹੇ ਹਨ।’’
ਕੇਂਦਰੀ ਮੰਤਰੀ ਦੀ ਇਸ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਯਾਦਵ ਨੇ ਬੁਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਉਹ (ਗਿਰੀਰਾਜ ਸਿੰਘ) ਜੋ ਕੁੱਝ ਵੀ ਕਹਿ ਰਹੇ ਹਨ ਉਹ ਬੇਬੁਨਿਆਦ ਹੈ। ਅਜਿਹੀਆਂ ਚੀਜ਼ਾਂ ’ਤੇ ਪ੍ਰਤੀਕਿਰਿਆ ਦੇਣ ਦੀ ਕੋਈ ਲੋੜ ਨਹੀਂ ਹੈ।’’
ਪ੍ਰਧਾਨ ਮੰਤਰੀ ’ਤੇ ਕਰਾਰਾ ਵਾਰ ਕਰਦਿਆਂ ਉਨ੍ਹਾਂ ਕਿਹਾ, ‘‘ਮੈਂ ਲੋਕਾਂ ਨੂੰ ਦਸਣਾ ਚਾਹੁੰਦਾ ਹਾਂ ਕਿ ਮੋਦੀ ਜੀ ਛੇਤੀ ਹੀ 75 ਸਾਲ ਦੇ ਹੋਣ ਜਾ ਰਹੇ ਹਨ। ਉਹ 75 ਸਾਲ ਦੀ ਉਮਰ ’ਚ ਰਿਟਾਇਰ ਹੋਣਗੇ। ਉਨ੍ਹਾਂ ਨੇ ਚੁਣੇ ਹੋਏ ਨੁਮਾਇੰਦਿਆਂ ਦੇ ਰਿਟਾਇਰ ਹੋਣ ਦੀ ਉਮਰ 75 ਸਾਲ ਤੈਅ ਕੀਤੀ ਹੈ। ਉਨ੍ਹਾਂ ਨੂੰ ਅਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ‘ਗਾਈਡੈਂਸ ਬੋਰਡ’ ਵਿਚ ਸ਼ਾਮਲ ਹੋਣਾ ਪਵੇਗਾ।’’
ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਦੀ ਉਦਾਸੀਨਤਾ ਕਾਰਨ ਸਾਡੇ ਨੌਜੁਆਨ ਦੁਖੀ ਹਨ। ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਨੇ ਉਨ੍ਹਾਂ ਦਾ ਭਵਿੱਖ ਤਬਾਹ ਕਰ ਦਿਤਾ ਹੈ। ਕੇਂਦਰ ਸਰਕਾਰ ਦੀ ਰੁਜ਼ਗਾਰ ਨੀਤੀ ਨਾ ਹੋਣ ਕਾਰਨ ਦੇਸ਼ ਦੇ ਲਗਭਗ 25 ਕਰੋੜ ਨੌਜੁਆਨ (ਨੌਕਰੀਆਂ ਲਈ) ਬਜ਼ੁਰਗ ਹੋ ਗਏ ਹਨ। ਇਸ ਤੋਂ ਇਲਾਵਾ 23 ਸਾਲ ਦੀ ਉਮਰ ’ਚ ਰਿਟਾਇਰ ਹੋਣ ਵਾਲੇ ਅਗਨੀਵੀਰਾਂ ਦਾ ਕੀ ਹੋਵੇਗਾ, ਮੋਦੀ ਜੀ, ਜੋ ਦੇਸ਼ ਅਤੇ ਨੌਜੁਆਨਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ, ਉਨ੍ਹਾਂ ਨੂੰ ਗਾਈਡੈਂਸ ਬੋਰਡ ’ਚ ਸ਼ਾਮਲ ਹੋਣਾ ਚਾਹੀਦਾ ਹੈ।’’