Colonel Sofia Qureshi: ਕਰਨਲ ਕੁਰੇਸ਼ੀ ’ਤੇ ਵਿਵਾਦਤ ਟਿੱਪਣੀ ਦੇਣ ਦੇ ਮਾਮਲੇ ’ਚ ਅਦਾਲਤ ਨੇ ਮੰਤਰੀ ਵਿਜੇ ਸ਼ਾਹ ਤੋਂ ਕੀਤੀ ਪੁੱਛਗਿੱਛ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਟੀਸ਼ਨ 'ਤੇ ਭਲਕੇ ਹੋਵੇਗੀ ਸੁਣਵਾਈ

Controversial comment on Colonel Qureshi

Controversial comment on Colonel Qureshi: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੂੰ ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜਦੋਂ ਦੇਸ਼ ਵਿੱਚ "ਅਜਿਹੀ ਸਥਿਤੀ" ਹੈ ਤਾਂ ਮੰਤਰੀ ਦੁਆਰਾ ਕਹੇ ਗਏ ਹਰ ਸ਼ਬਦ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ।

ਚੀਫ਼ ਜਸਟਿਸ ਬੀ.ਆਰ. ਗਵਈ ਨੇ ਸ਼ਾਹ ਨੂੰ ਕਿਹਾ, "ਤੁਸੀਂ ਕਿਸ ਤਰ੍ਹਾਂ ਦੇ ਬਿਆਨ ਦੇ ਰਹੇ ਹੋ? ਤੁਸੀਂ ਸਰਕਾਰ ਦੇ ਇੱਕ ਜ਼ਿੰਮੇਵਾਰ ਮੰਤਰੀ ਹੋ।"

ਬੈਂਚ ਵਿੱਚ ਜਸਟਿਸ ਆਗਸਟੀਨ ਜਾਰਜ ਮਸੀਹ ਵੀ ਸ਼ਾਮਲ ਹਨ। ਬੈਂਚ ਸ਼ੁੱਕਰਵਾਰ ਨੂੰ ਸ਼ਾਹ ਦੀ ਮੱਧ ਪ੍ਰਦੇਸ਼ ਹਾਈ ਕੋਰਟ ਦੇ 14 ਮਈ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਹਾਈ ਕੋਰਟ ਨੇ ਸ਼ਾਹ ਵਿਰੁੱਧ ਐਫ਼ਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ।

ਚੀਫ਼ ਜਸਟਿਸ ਨੇ ਸ਼ਾਹ ਦੇ ਵਕੀਲ ਨੂੰ ਕਿਹਾ, "ਜਦੋਂ ਦੇਸ਼ ਅਜਿਹੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ, ਤਾਂ ਮੰਤਰੀ ਦੁਆਰਾ ਬੋਲਿਆ ਗਿਆ ਹਰ ਵਾਕ ਜਾਂ ਸ਼ਬਦ ਜ਼ਿੰਮੇਵਾਰੀ ਨਾਲ ਭਰਪੂਰ ਹੋਣਾ ਚਾਹੀਦਾ ਹੈ।"

ਬੈਂਚ ਨੇ ਕਿਹਾ, "ਅਜਿਹੇ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਲੋਕਾਂ ਤੋਂ ਸੰਜਮ ਵਰਤਣ ਦੀ ਉਮੀਦ ਕੀਤੀ ਜਾਂਦੀ ਹੈ।"

ਸ਼ਾਹ ਵੱਲੋਂ ਪੇਸ਼ ਹੋਈ ਸੀਨੀਅਰ ਵਕੀਲ ਵਿਭਾ ਦੱਤਾ ਮਖੀਜਾ ਨੇ ਪਟੀਸ਼ਨ ਦੀ ਤੁਰੰਤ ਸੁਣਵਾਈ ਲਈ ਬੈਂਚ ਦੇ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਕਿਹਾ ਕਿ ਹਾਈ ਕੋਰਟ ਨੇ ਖੁਦ ਨੋਟਿਸ ਲਿਆ ਹੈ ਅਤੇ ਐਫ਼ਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ।

ਮਖੀਜਾ ਨੇ ਕਿਹਾ ਕਿ ਪਟੀਸ਼ਨਕਰਤਾ, ਰਾਜ ਦੇ ਕਬਾਇਲੀ ਮਾਮਲਿਆਂ ਦੇ ਮੰਤਰੀ, ਨੇ ਅਫ਼ਸੋਸ ਪ੍ਰਗਟ ਕੀਤਾ ਹੈ।

ਉਨ੍ਹਾਂ ਕਿਹਾ, "ਇਹ ਇੱਕ ਅਜਿਹਾ ਬਿਆਨ ਸੀ ਜਿਸ ਨੂੰ ਗ਼ਲਤ ਸਮਝਿਆ ਗਿਆ ਸੀ। ਮੈਂ ਤੁਹਾਨੂੰ ਇਸ ਨੂੰ ਜਾਇਜ਼ ਠਹਿਰਾ ਸਕਦਾ ਹਾਂ। ਉਨ੍ਹਾਂ (ਸ਼ਾਹ) ਦਾ ਕਦੇ ਵੀ ਉਹ ਮਤਲਬ ਨਹੀਂ ਸੀ ਜੋ ਮੀਡੀਆ ਦੁਆਰਾ ਵਿਆਖਿਆ ਅਤੇ ਰਿਪੋਰਟ ਕੀਤਾ ਜਾ ਰਿਹਾ ਹੈ।"

ਬੈਂਚ ਨੇ ਕਿਹਾ, "ਹੁਣ ਐਫ਼ਆਈਆਰ ਦਰਜ ਹੋ ਗਈ ਹੈ।"

ਸੀਨੀਅਰ ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਐਫ਼ਆਈਆਰ 'ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਸਨ ਕਿਉਂਕਿ ਹਾਈ ਕੋਰਟ ਨੇ ਉਨ੍ਹਾਂ ਦਾ ਪੱਖ ਨਹੀਂ ਸੁਣਿਆ ਸੀ।

ਮਖੀਜਾ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਸਿਰਫ਼ ਇਹ ਬੇਨਤੀ ਕਰ ਰਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦਾ ਪੱਖ ਨਹੀਂ ਸੁਣਿਆ ਜਾਂਦਾ, ਕੋਈ ਕਾਰਵਾਈ ਨਾ ਕੀਤੀ ਜਾਵੇ।

ਬੈਂਚ ਨੇ ਸਵਾਲ ਕੀਤਾ ਕਿ ਪਟੀਸ਼ਨਕਰਤਾ ਨੇ ਰਾਹਤ ਲਈ ਹਾਈ ਕੋਰਟ ਕਿਉਂ ਨਹੀਂ ਪਹੁੰਚਿਆ।

ਬੈਂਚ ਨੇ ਕਿਹਾ, "ਸਿਰਫ਼ ਇਸ ਲਈ ਕਿ ਕੋਈ ਵਿਅਕਤੀ ਮੰਤਰੀ ਹੈ, ਕੀ ਸਾਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ?"

ਬੈਂਚ ਨੇ ਕਿਹਾ, "ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕਰੋ।" ਜਦੋਂ ਮਖੀਜਾ ਨੇ ਸੁਪਰੀਮ ਕੋਰਟ ਨੂੰ ਹਾਈ ਕੋਰਟ ਦੇ ਹੁਕਮਾਂ 'ਤੇ ਨਜ਼ਰ ਮਾਰਨ ਦੀ ਅਪੀਲ ਕੀਤੀ, ਤਾਂ ਬੈਂਚ ਨੇ ਕਿਹਾ, "ਅਸੀਂ ਭਲਕੇ ਇਸ 'ਤੇ ਗੌਰ ਕਰਾਂਗੇ।"

ਇਸ ਦੌਰਾਨ, ਸੀਨੀਅਰ ਵਕੀਲ ਨੇ ਕਿਹਾ ਕਿ ਸ਼ਾਹ ਵਿਰੁੱਧ ਹੋਰ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਾਮਲਾ ਅੱਜ ਹਾਈ ਕੋਰਟ ਵਿੱਚ ਸੁਣਵਾਈ ਲਈ ਸੂਚੀਬੱਧ ਹੈ।

ਇਸ 'ਤੇ ਬੈਂਚ ਨੇ ਕਿਹਾ, "24 ਘੰਟਿਆਂ ਵਿੱਚ ਕੁਝ ਵੀ ਹੋਣ ਦੀ ਸੰਭਾਵਨਾ ਨਹੀਂ ਹੈ।" ਬੈਂਚ ਨੇ ਇਹ ਵੀ ਕਿਹਾ ਕਿ ਪਟੀਸ਼ਨਕਰਤਾ ਹਾਈ ਕੋਰਟ ਨੂੰ ਸੂਚਿਤ ਕਰ ਸਕਦਾ ਹੈ ਕਿ ਮਾਮਲਾ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਲਈ ਸੂਚੀਬੱਧ ਹੈ।

ਬੁੱਧਵਾਰ ਰਾਤ ਨੂੰ ਵਿਜੇ ਸ਼ਾਹ ਵਿਰੁੱਧ ਭਾਰਤੀ ਫੌਜ ਦੇ ਕਰਨਲ ਸੋਫੀਆ ਕੁਰੈਸ਼ੀ, ਜਿਨ੍ਹਾਂ ਨੇ ਮੀਡੀਆ ਨਾਲ 'ਆਪ੍ਰੇਸ਼ਨ ਸਿੰਦੂਰ' ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਵਿਰੁਧ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਐਫ਼ਆਈਆਰ ਦਰਜ ਕੀਤੀ ਗਈ।

ਆਪਣੀ ਟਿੱਪਣੀ ਲਈ ਵਿਆਪਕ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ, ਮੱਧ ਪ੍ਰਦੇਸ਼ ਦੇ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਉਸ ਦੇ ਬਿਆਨ ਤੋਂ ਦੁੱਖ ਪਹੁੰਚਿਆ ਹੈ ਤਾਂ ਉਹ 10 ਵਾਰ ਮੁਆਫੀ ਮੰਗਣ ਲਈ ਤਿਆਰ ਹਨ ਅਤੇ ਉਹ ਕਰਨਲ ਕੁਰੈਸ਼ੀ ਦਾ ਆਪਣੀ ਭੈਣ ਨਾਲੋਂ ਵੱਧ ਸਤਿਕਾਰ ਕਰਦੇ ਹਨ।