ਹੁਣ ਲੁਟੇਰਿਆਂ ਤੋਂ ਨਹੀਂ ਸੁਰੱਖਿਅਤ ਪੀਐੱਮ ਨਰੇਂਦਰ ਮੋਦੀ ਦਾ ਆਪਣਾ ਸ਼ਹਿਰ
ਦੇਸ਼ ਅੰਦਰ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ।
ਦੇਸ਼ ਅੰਦਰ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਤੇ ਚੋਰ ਵੀ ਬਿਨਾਂ ਕਿਸੇ ਡਰ ਤੇ ਖੌਫ਼ ਦੇ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦਿੰਦੇ ਆ ਰਹੇ ਹਨ। ਉਥੇ ਹੀ ਜਿਥੇ ਸਾਡੇ ਦੇਸ਼ ਦੇ ਰਖਵਾਲੇ ਕਹੇ ਜਾਣ ਵਾਲੀ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ 'ਤੇ ਨਕੇਲ ਕਸਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਕਈ ਸੂਬਿਆਂ ਦੀ ਪੁਲਿਸ 'ਤੇ ਕੁੰਬਕਰਨੀ ਨੀਂਦ ਸੋਂਣ ਦੇ ਇਲਜ਼ਾਮ ਵੀ ਲੱਗ ਰਹੇ ਹਨ।
ਅਜਿਹਾ ਹੀ ਮਾਮਲਾ ਪ੍ਰਧਾਨ ਨਰੇਂਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਸਾਹਮਣੇ ਆਇਆ ਹੈ ਜਿਥੋਂ ਦੀ ਪੁਲਿਸ ਕਿੰਨੀ ਜਾਗਰੂਕ ਹੈ ਇਸ ਗੱਲ ਦਾ ਅੰਦਾਜ਼ਾ ਇਹ ਖ਼ਬਰ ਪੜ੍ਹ ਕੇ ਤੁਹਾਨੂੰ ਇੱਕ ਵਾਰ ਜ਼ਰੂਰ ਹੋ ਜਾਵੇਗਾ। ਜੀ ਹਾਂ ...ਇਥੇ ਦਿਨ - ਦਹਾੜੇ ਬਾਇਕ ਸਵਾਰ ਵਿਕਅਤੀਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਫ਼ਰਾਰ ਹੋ ਗਏ। ਦਸ ਦੇਈਏ ਕਿ ਇੱਕ ਔਰਤ ਤੋਂ ਹਥਿਆਰਾਂ ਦੇ ਸਿਰ 'ਤੇ ਇਹ ਲੁੱਟ ਕੀਤੀ ਗਈ ਹੈ। ਹਾਲਾਂਕਿ ਔਰਤ ਨੇ ਘਟਨਾ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਦਰਜ ਨਹੀਂ ਕਰਵਾਈ।
ਇਥੇ ਤੁਹਾਨੂੰ ਦਸ ਦਈਏ ਕਿ ਇਹ ਘਟਨਾ ਵਾਰਾਣਸੀ ਦੇ ਲਕਸਾ ਥਾਣਾ ਖੇਤਰ ਦੇ ਗੁਰੁਬਾਗ ਇਲਾਕੇ ਦੀ ਹੈ । ਘਟਨਾ ਬੀਤੇ ਕੁਝ ਦਿਨਾਂ ਦੀ ਦੀ ਦੱਸੀ ਜਾ ਰਹੀ ਹੈ । ਔਰਤ ਆਪਣੇ ਰਿਸ਼ਤੇਦਾਰਾਂ ਨਾਲ ਬਜ਼ਾਰ 'ਚ ਕਪੜੇ ਖਰੀਦਣ ਜਾ ਰਹੀ ਸੀ। ਉਦੋਂ ਹੀ ਮੋਟਰਸਾਈਕਲ ਸਵਾਰਾਂ ਨੇ ਔਰਤ ਤੋਂ ਬੰਦੂਕ ਦੇ ਸਿਰ 'ਤੇ ਲੁੱਟ ਕੀਤੀ । ਔਰਤ 'ਤੇ ਹਮਲਾ ਹੁੰਦਾ ਵੇਖ ਕੇ ਕੁੱਝ ਲੋਕਾਂ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਲੁਟੇਰਿਆਂ ਨੇ ਲੋਕਾਂ ਨੂੰ ਡਰਾ - ਧਮਕਾ ਕੇ ਔਰਤ ਤੋਂ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ ।
ਲੁਟੇਰਿਆਂ ਵਲੋਂ ਕੀਤੀ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਹਾਲਾਂਕਿ ਇਸ ਘਟਨਾ ਤੋਂ ਬਾਅਦ ਪੀੜਿਤ ਔਰਤ ਨੇ ਪੁਲਿਸ ਵਿਚ ਰਿਪੋਰਟ ਦਰਜ ਨਹੀਂ ਕਰਵਾਈ ਹੈ। ਪਰ ਸੋਸ਼ਲ ਮੀਡੀਆ 'ਤੇ ਜਦੋ ਇਹ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਹਰਕਤ ਵਿੱਚ ਆਈ । ਪੁਲਿਸ ਨੇ ਪੀੜਿਤ ਔਰਤ ਨਾਲ ਗੱਲ ਕੀਤੀ ਅਤੇ ਰਿਪੋਰਟ ਦਰਜ ਕਰ ਜਾਂਚ ਵਿਚ ਜੁੱਟ ਗਈ ।