ਦਿੱਲੀ ਵਿਚ ਕੋਵਿਡ-19 ਜਾਂਚ ਵਧਾਈ ਜਾਵੇਗੀ : ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰੀ ਨਾਲ ਬੈਠਕ ਕਾਫ਼ੀ ਲਾਹੇਵੰਦ ਰਹੀ : ਕੇਜਰੀਵਾਲ

File Photo

ਨਵੀਂ ਦਿੱਲੀ, 14 ਜੂਨ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਸਬੰਧ ਵਿਚ ਬੈਠਕ ਦੀ ਪ੍ਰਧਾਨਗੀ ਕਰਨ ਮਗਰੋਂ ਕਿਹਾ ਕਿ ਸ਼ਹਿਰ ਵਿਚ ਅਗਲੇ ਦੋ ਦਿਨਾਂ ਵਿਚ ਕੋਵਿਡ-19 ਦੀ ਜਾਂਚ ਦੀ ਗਿਣਤੀ ਦੁਗਣੀ ਕੀਤੀ ਜਾਵੇਗੀ ਅਤੇ ਬਾਅਦ ਵਿਚ ਇਸ ਨੂੰ ਦੁਗਣਾ ਕੀਤਾ ਜਾਵੇਗਾ।
ਸ਼ਾਹ ਨੇ ਨਾਰਥ ਬਲਾਕ ਵਿਚਲੇ ਅਪਣੇ ਦਫ਼ਤਰ ਵਿਚ ਉਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਬੈਠਕ ਮਗਰੋਂ ਇਸ ਫ਼ੈਸਲੇ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਵਿਚ ਦਿੱਲੀ ਵਿਚ ਦਿੱਲੀ ਦੇ ਕੰਟੇਨਮੈਂਟ ਜ਼ੋਨ ਵਿਚ ਹਰ ਮਤਦਾਨ ਕੇਂਦਰ 'ਤੇ ਕੋਵਿਡ-19 ਦੀ ਜਾਂਚ ਸ਼ੁਰੂ ਕੀਤੀ ਜਾਵੇਗੀ ਅਤੇ ਪੀੜਤਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣ ਲਈ ਜ਼ਿਆਦਾ ਪ੍ਰਭਾਵਤ ਖੇਤਰਾਂ ਯਾਨੀ ਹਾਟਸਪਾਟ ਵਿਚ ਘਰ ਘਰ ਜਾ ਕੇ ਵਿਆਪਕ ਸਿਹਤ ਸਰਵੇਖਣ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਲਈ ਬਿਸਤਰਿਆਂ ਦੀ ਕਮੀ ਕਾਰਨ ਕੇਂਦਰ ਦਿੱਲੀ ਨੂੰ 500 ਰੇਲਵੇ ਡੱਬੇ ਉਪਲਭਧ ਕਰਾਏ ਜਾਣਗੇ।

ਮੀਟਿੰਗ ਮਗਰੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਕੌਮੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦਾ ਮਿਲ ਕੇ ਮੁਕਾਬਲਾ ਕਰਨਗੀਆਂ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਬੈਠਕ ਬੁਲਾਈ ਸੀ ਜਿਹੜੀ ਕਾਫ਼ੀ ਲਾਹੇਵੰਦ ਰਹੀ। ਕਈ ਅਹਿਮ ਫ਼ੈਸਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਇਸ ਮਾਰੂ ਬੀਮਾਰੀ ਦਾ ਮਿਲ ਕੇ ਮੁਕਾਬਲਾ ਕਰਨਗੀਆਂ। (ਏਜੰਸੀ)