ਪਾਕਿਸਤਾਨ ਦੀ ਗੋਲੀਬਾਰੀ 'ਚ ਭਾਰਤੀ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ ਵਿਚ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ

File Photo

ਜੰਮੂ, 14 ਜੂਨ : ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ ਵਿਚ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਵਿਚ ਇਸ ਮਹੀਨੇ ਅਗਲੀਆਂ ਚੌਕੀਆਂ ਅਤੇ ਪਿੰਡਾਂ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਭਾਰਤ ਦਾ ਤੀਜਾ ਜਵਾਨ ਸ਼ਹੀਦ ਹੋਇਆ ਹੈ। ਰਖਿਆ ਬੁਲਾਰੇ ਨੇ ਦਸਿਆ, 'ਪਾਕਿਸਤਾਨੀ ਫ਼ੌਜ ਨੇ ਸਨਿਚਰਵਾਰ ਰਾਤ ਨੂੰ ਪੁੰਛ ਸੈਕਟਰ ਵਿਚ ਕੰਟਰੋਲ ਰੇਖਾ 'ਤੇ ਬਿਨਾਂ ਉਕਸਾਵੇ ਗੋਲਬੰਦੀ ਦੀ ਉਲੰਘਣਾ ਕੀਤੀ।

ਸਾਡੀ ਫ਼ੋਰਸ ਨੇ ਦੁਸ਼ਮਣ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿਤਾ ਅਤੇ ਇਸ ਦੌਰਾਨ ਸਿਪਾਹੀ ਲੁੰਗਬੁਈ ਅਬੋਨਮੇਈ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿਚ ਉਸ ਨੇ ਦਮ ਤੋੜ ਦਿਤਾ।' ਉਨ੍ਹਾਂ ਕਿਹਾ ਕਿ ਸਿਪਾਹੀ ਅਬੋਨਮੇਈ ਬਹਾਦਰ ਅਤੇ ਸਮਰਪਿਤ ਜਵਾਨ ਸੀ। ਇਸੇ ਦੌਰਾਨ ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਰਾਮਪੁਰ ਸੈਕਟਰ ਵਿਚ ਕੰਟਰੋਲ ਰੇਖਾ ਲਾਗੇ ਮੋਰਟਾਰ ਦੇ ਗੋਲੇ ਸੁੱਟ ਕੇ ਗੋਲੀਬੰਦੀ ਦੀ ਉਲੰਘਣਾ ਕੀਤੀ ਜਿਸ ਦਾ ਭਾਰਤੀ ਫ਼ੌਜ ਨੇ ਕਰਾਰਾ ਜਵਾਬ ਦਿਤਾ।  

ਅਧਿਕਾਰੀਆਂ ਨੇ ਦਸਿਆ ਕਿ ਗੋਲਬਾਰੀ ਵਿਚ ਦੋ ਹੋਰ ਜਵਾਨ ਸਿਪਾਹੀ ਲੀਨਖੋਥੀਨ ਸੇਂਗਹੋਨ ਅਤੇ ਸਿਪਾਹੀ ਤਾਂਗਸੋਇਕ ਕਿਆਨਿਯੁੰਗਰ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਜਹਾਜ਼ ਰਾਹੀਂ ਊਧਮਪੁਰ ਵਿਚ ਫ਼ੌਜੀ ਹਸਪਤਾਲ ਵਿਚ ਲਿਜਾਇਆ ਗਿਆ। ਉਨ੍ਹਾਂ ਦਸਿਆ ਕਿ ਸਰਹੱਦ ਪਾਰ ਤੋਂ ਪਾਕਿਸਤਾਨ ਨੇ ਸਨਿਚਰਵਾਰ ਨੂੰ ਰਾਤ ਭਰ ਸ਼ਾਹਪੁਰ ਕੇਰਨੀ ਸੈਕਟਰ ਵਿਚ ਗੋਲੀਬਾਰੀ ਕੀਤੀ ਜਿਸ ਵਿਚ ਤਿੰਨ ਭਾਰਤੀ ਜਵਾਨ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਫ਼ੌਰੀ ਹਸਪਤਾਲ ਲਿਜਾਇਆ ਗਿਆ ਜਿਥੇ ਇਕ ਜਵਾਨ ਨੇ ਦਮ ਤੋੜ ਦਿਤਾ।       (ਏਜੰਸੀ)