ਕੋਰੋਨਾ ਵਾਇਰਸ ਦਾ ਕਹਿਰ : ਨੌਂ ਲੱਖ ਦੇ ਪਾਰ ਪਹੁੰਚੇ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਤਾਂ ਦੀ ਗਿਣਤੀ 23727 ਹੋਈ, ਇਕ ਦਿਨ ਵਿਚ 553 ਮਰੀਜ਼ਾਂ ਦੀ ਜਾਨ ਗਈ

Corona Virus

ਨਵੀਂ ਦਿੱਲੀ, 14 ਜੁਲਾਈ : ਭਾਰਤ ਵਿਚ ਕੋਰੋਨਾ ਵਾਇਰਸ ਦੇ 28498 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਲਾਗ ਦੇ ਮਾਮਲੇ ਵੱਧ ਕੇ ਮੰਗਲਵਾਰ ਨੂੰ ਨੌਂ ਲੱਖ ਦੇ ਪਾਰ ਪਹੁੰਚ ਗਏ। ਸਿਰਫ਼ ਤਿੰਨ ਦਿਨਾਂ ਵਿਚ ਹੀ ਮਾਮਲੇ ਅੱਠ ਲੱਖ ਤੋਂ ਨੌਂ ਲੱਖ ਦੇ ਪਾਰ ਪਹੁੰਚ ਗਏ।  ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ 906752 ਹਨ ਜਦਕਿ 553 ਹੋਰ ਲੋਕਾਂ ਦੀ ਜਾਨ ਜਾਣ ਮਗਰੋਂ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 23727 ਹੋ ਗਈ ਹੈ। ਕੁਲ ਪੁਸ਼ਟ ਮਾਮਲਿਆਂ ਵਿਚੋਂ 571459 ਲੋਕ ਠੀਕ ਹੋ ਚੁਕੇ ਹਨ ਅਤੇ 311565 ਲੋਕਾਂ ਦਾ ਇਲਾਜ ਜਾਰੀ ਹੈ।

ਕੁਲ ਪੁਸ਼ਟ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿਚ ਹੁਣ ਤਕ ਲਗਭਗ 63.02 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ।  ਦੇਸ਼ ਵਿਚ ਲਗਾਤਾਰ ਪੰਜਵੇਂ ਦਿਨ ਲਾਗ ਨਾਲ 26000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਮਾਮਲਿਆਂ ਦੇ ਇਕ ਲੱਖ ਪਹੁੰਚਣ ਵਿਚ 110 ਦਿਨ ਲੱਗੇ ਸਨ ਅਤੇ ਕੇਵਲ 56 ਦਿਨਾਂ ਵਿਚ ਹੀ ਇਹ ਗਿਣਤੀ ਨੌਂ ਲੱਖ ਦੇ ਪਾਰ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜਿਹੜੇ 553 ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਵਿਚੋਂ ਸੱਭ ਤੋਂ ਵੱਧ 193 ਲੋਕ ਮਹਾਰਾਸ਼ਟਰ ਸਨ।

 ਇਸ ਤੋਂ ਬਾਅਦ ਕਰਨਾਟਕ ਵਿਚ 73, ਤਾਮਿਲਨਾਡੂ ਵਿਚ 66, ਦਿੱਲੀ ਵਿਚ 40, ਆਂਧਰਾ ਪ੍ਰਦੇਸ਼ ਵਿਚ 37, ਪਛਮੀ ਬੰਗਾਲ ਵਿਚ 24, ਯੂਪੀ ਵਿਚ 21, ਬਿਹਾਰ ਵਿਚ 17, ਰਾਜਸਥਾਨ ਵਿਚ 15, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ 10-10 ਜਣਿਆਂ ਦੀ ਮੌਤ ਹੋਈ ਹੈ। ਤੇਲੰਗਾਨਾ ਵਿਚ ਨੌਂ, ਜੰਮੂ ਕਸ਼ਮੀਰ ਵਿਚ ਅੱਠ, ਹਰਿਆਣਾ ਵਿਚ ਸੱਤ, ਉੜੀਸਾ ਵਿਚ ਛੇ, ਪੰਜਾਬ ਵਿਚ ਪੰਜ, ਝਾਰਖੰਡ ਤੇ ਗੋਆ ਵਿਚ ਤਿੰਨ ਤਿੰਨ, ਕੇਰਲਾ ਤੇ ਉਤਰਾਖੰਡ ਵਿਚ ਦੋ ਦੋ ਅਤੇ ਆਸਾਮ, ਦਾਦਰਾ ਅਤੇ ਨਾਗਰ ਹਵੇਲੀ ਤੇ ਦਮਨ ਤੇ ਦੀਵ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਮੁਤਾਬਕ 13 ਜੁਲਾਈ ਤਕ 12092503 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 286247 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਹੀ ਕੀਤੀ ਗਈ। ਅੰਕੜਿਆਂ ਮੁਤਾਬਕ ਕੋਵਿਡ ਨਾਲ ਹੁਣ ਤਕ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 10482 ਲੋਕਾਂ ਨੇ ਜਾਨ ਗਵਾਈ ਹੈ।

ਦਿੱਲੀ ਵਿਚ 3411, ਗੁਜਰਾਤ ਵਿਚ 2055, ਤਾਮਿਲਨਾਡੂ ਵਿਚ 2032, ਪਛਮੀ ਬੰਗਾਲ ਵਿਚ 956, ਯੂਪੀ ਵਿਚ 955, ਕਰਨਾਟਕ ਵਿਚ 757, ਮੱਧ ਪ੍ਰਦੇਸ਼ ਵਿਚ 663, ਰਾਜਸਥਾਨ ਵਿਚ 525 ਤੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਵਿਚ 365 ਲੋਕਾਂ ਦੀ ਮੌਤ ਹੋਈ। ਜਾਨ ਗਵਾਉਣ ਵਾਲੇ 70 ਫ਼ੀ ਸਦੀ ਲੋਕਾਂ ਨੂੰ ਪਹਿਲਾਂ ਕੋਈ ਬੀਮਾਰੀ ਨਹੀਂ ਸੀ। ਮਹਾਰਾਸ਼ਟਰ ਵਿਚ ਲਾਗ ਦੇ ਸੱਭ ਤੋਂ ਵੱਧ 260924 ਮਾਮਲੇ ਸਾਹਮਣੇ ਆਏ ਹਨ। ਤਾਮਿਲਨਾਡੂ ਵਿਚ 142798, ਦਿੱਲੀ ਵਿਚ 113740, ਗੁਜਰਾਤ ਵਿਚ 42722, ਕਰਨਾਟਕ ਵਿਚ 41581, ਯੂਪੀ ਵਿਚ 38130 ਅਤੇ ਤੇਲੰਗਾਨਾ ਵਿਚ 36221 ਮਾਮਲੇ ਸਾਹਮਣੇ ਆਏ ਹਨ। (ਏਜੰਸੀ)