ਕਾਂਗਰਸ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ’ਚ ਸ਼ਾਮਲ ਸਨ ਪਾਇਲਟ : ਸੁਰਜੇਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਜਾਲ ਵਿਚ ਫਸ ਗਏ ਪਾਇਲਟ ਤੇ ਹੋਰ ਕਾਂਗਰਸੀ    

Randeep Surjewala

ਜੈਪੁਰ, 14 ਜੁਲਾਈ : ਕਾਂਗਰਸ ਪਾਰਟੀ ਨੇ ਕਿਹਾ ਕਿ ਸਚਿਨ ਪਾਇਲਟ ਭਾਜਪਾ ਦੇ ਜਾਲ ਵਿਚ ਉਲਝ ਗਏ ਅਤੇ ਕਾਂਗਰਸ ਦੀ ਸਰਕਾਰ ਡੇਗਣ ਦੀ ਸਾਜ਼ਸ਼ ਵਿਚ ਸ਼ਾਮਲ ਹੋ ਗਏ। ਪਾਰਟੀ ਨੇ ਅਪਣੇ ਵਿਧਾਇਕਾਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਸਰਕਾਰ ਵਿਅਕਤੀਆਂ ’ਤੇ ਨਹੀਂ ਸਗੋਂ ਨੀਤੀਆਂ ਅਤੇ ਸਿਧਾਂਤਾਂ ’ਤੇ ਟਿਕੀ ਹੈ। 

 ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੈ ਕਿ ਰਾਜਸਥਾਨ ਦੇ ਉਪ ਮੁੱਖ ਮੰਤਰੀ, ਸਾਡੇ ਨੌਜਵਾਨ ਸਾਥੀ ਸਚਿਨ ਪਾਇਲਟ ਅਤੇ ਕਾਂਗਰਸ ਦੇ ਕੁੱਝ ਵਿਧਾਇਕ ਤੇ ਮੰਤਰੀ ਸਾਥੀ ਕੁਰਾਹੇ ਪੈ ਕੇ ਭਾਜਪਾ ਦੇ ਜਾਲ ਵਿਚ ਫਸ ਗਏ ਅਤੇ ਕਾਂਗਰਸ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਵਿਚ ਸ਼ਾਮਲ ਹੋ ਗਏ।’ ਉਨ੍ਹਾਂ ਕਿਹਾ ਕਿ ਇਹ ਹਰਕਤ ਕਿਸੇ ਵੀ ਪਾਰਟੀ ਨੂੰ ਪ੍ਰਵਾਨ ਨਹੀਂ ਹੋ ਸਕਦੀ। ਇਸ ਲਈ ਭਰੇ ਮਨ ਨਾਲ ਕਾਂਗਰਸ ਪਾਰਟੀ ਨੇ ਇਨ੍ਹਾਂ ਸਾਰਿਆਂ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। 

 ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਭਾਜਪਾ ਨੇ ਰਾਜ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਰਚੀ। ਉਨ੍ਹਾਂ ਕਿਹਾ, ‘ਭਾਜਪਾ ਨੇ ਸਾਜ਼ਸ਼ ਤਹਿਤ ਰਾਜਸਥਾਨ ਦੀ ਅੱਠ ਕਰੋੜ ਜਨਤਾ ਦੇ ਸਨਮਾਨ ਨੂੰ ਚੁਨੌਤੀ ਦਿਤੀ ਹੈ। ਭਾਜਪਾ ਨੇ ਸਾਜ਼ਸ਼ ਤਹਿਤ ਰਾਜਸਥਾਨ ਦੀ ਬਹਾਦਰ ਜਨਤਾ ਦੁਆਰਾ ਮੁਕੰਮਲ ਬਹੁਮਤ ਨਾਲ ਚੁਣੀ ਗਈ ਕਾਂਗਰਸ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਕੀਤੀ।’ ਉਨ੍ਹਾਂ ਕਿਹਾ ਕਿ ਭਾਜਪਾ ਨੇ ਸੱਤਾ ਦੀ ਤਾਕਤ ਦੀ ਦੁਰਵਰਤੋਂ ਨਾਲ ਈਡੀ ਅਤੇ ਆਈਟੀ ਦੀ ਦੁਰਵਰਤੋਂ ਨਾਲ ਕਾਂਗਰਸ ਪਾਰਟੀ ਤੇ ਆਜ਼ਾਦ ਵਿਧਾਇਕਾਂ ਨੂੰ ਖ਼ਰੀਦਣ ਦੇ ਯਤਨ ਦਾ ਜੁਰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪਿਛਲੇ ਦੋ ਦਿਨਾਂ ਵਿਚ ਕਈ ਵਾਰ ਪਾਇਲਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।    (ਏਜੰਸੀ)