ਅਚਾਨਕ ਡਿੱਗੀ ਨਿਰਮਾਣ ਅਧੀਨ ਗੁਦਾਮ ਦੀ ਕੰਧ, 5 ਮਜ਼ਦੂਰਾਂ ਨੇ ਤੋੜਿਆ ਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਮਜ਼ਦੂਰ ਅਜੇ ਵੀ ਮਲਬੇ ਹੇਠ ਦੱਬੇ, ਰਾਹਤ ਅਤੇ ਬਚਾਅ ਕਾਰਜ ਜਾਰੀ 

Suddenly the wall of the warehouse under construction collapsed, 5 workers died

ਨਵੀਂ ਦਿੱਲੀ : ਦਿੱਲੀ ਦੇ ਅਲੀਪੁਰ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਨਿਰਮਾਣ ਅਧੀਨ ਗੁਦਾਮ ਦੀ ਕੰਧ ਡਿੱਗ ਗਈ। ਇਸ ਹਾਦਸੇ 'ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਮਜ਼ਦੂਰਾਂ ਦੇ ਮਲਬੇ 'ਚ ਫਸੇ ਹੋਣ ਦਾ ਖ਼ਦਸ਼ਾ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ।

ਦਿੱਲੀ ਪੁਲਿਸ ਨੇ ਦੱਸਿਆ ਕਿ ਹੁਣ ਤੱਕ 9 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਜਾ ਚੁੱਕਾ ਹੈ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਰੀਬ 25 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੁਪਹਿਰ 12.30 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਇੱਟਾਂ ਦੀ ਕੰਧ ਡਿੱਗਣ ਕਾਰਨ ਮਲਬਾ ਹਟਾਉਣ ਵਿੱਚ ਦਿੱਕਤ ਆ ਰਹੀ ਸੀ। ਅਜਿਹੀ ਸਥਿਤੀ ਵਿੱਚ ਜੇਸੀਬੀ ਮਸ਼ੀਨ ਨੂੰ ਕੰਮ ’ਤੇ ਲਾਇਆ ਗਿਆ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਦਸੇ ਤੋਂ ਬਾਅਦ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, 'ਅਲੀਪੁਰ 'ਚ ਇਕ ਦਰਦਨਾਕ ਹਾਦਸਾ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗਾ ਹੋਇਆ ਹੈ। ਮੈਂ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਿਹਾ ਹਾਂ। ਮੈਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ।