ਤਿਰੂਵਨੰਤਪੁਰਮ: ਕੇਰਲ ਦੇ ਇਕ ਹਸਪਤਾਲ ’ਚ ਦੋ ਦਿਨਾਂ ਤੋਂ ਫਸੇ 59 ਸਾਲ ਦੇ ਇਕ ਵਿਅਕਤੀ ਨੂੰ ਸੋਮਵਾਰ ਸਵੇਰੇ ਉਸ ਸਮੇਂ ਬਚਾਇਆ ਗਿਆ ਜਦੋਂ ਲਿਫਟ ਨੂੰ ਰੁਟੀਨ ਕੰਮ ਲਈ ਚਾਲੂ ਕਰ ਦਿਤਾ ਗਿਆ।
ਪੁਲਿਸ ਨੇ ਦਸਿਆ ਕਿ ਉਲੂਰ ਦਾ ਰਹਿਣ ਵਾਲਾ ਰਵਿੰਦਰਨ ਨਾਇਰ (59) ਸਨਿਚਰਵਾਰ ਤੋਂ ਸਰਕਾਰੀ ਮੈਡੀਕਲ ਕਾਲਜ ਦੇ ਓ.ਪੀ. ਬਲਾਕ ਦੀ ਲਿਫਟ ’ਚ ਫਸਿਆ ਹੋਇਆ ਸੀ। ਪਰ ਇਸ ਬਾਰੇ ਲਿਫ਼ਟ ਦੇ ਸੰਚਾਲਨ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਸੀ।
ਪੁਲਿਸ ਨੇ ਕਿਹਾ, ‘‘ਉਹ ਪਹਿਲੀ ਮੰਜ਼ਿਲ ’ਤੇ ਜਾਣ ਲਈ ਲਿਫਟ ’ਤੇ ਚੜ੍ਹਿਆ ਸੀ ਪਰ ਦਾਅਵਾ ਕੀਤਾ ਕਿ ਲਿਫਟ ਹੇਠਾਂ ਆ ਗਈ ਅਤੇ ਨਹੀਂ ਖੁੱਲ੍ਹੀ। ਉਹ ਮਦਦ ਲਈ ਚੀਕਦਾ ਰਿਹਾ ਪਰ ਕੋਈ ਨਹੀਂ ਆਇਆ। ਉਸ ਦਾ ਫੋਨ ਵੀ ਬੰਦ ਸੀ।’’ ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਉਸ ਸਮੇਂ ਸਾਹਮਣੇ ਆਈ ਜਦੋਂ ਲਿਫਟ ਆਪਰੇਟਰ ਨੇ ਰੁਟੀਨ ਕੰਮ ਲਈ ਲਿਫਟ ਖੋਲ੍ਹੀ।
ਪੀੜਤ ਪਰਵਾਰ ਨੇ ਐਤਵਾਰ ਰਾਤ ਨੂੰ ਮੈਡੀਕਲ ਕਾਲਜ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਦਸਿਆ ਕਿ ਪੀੜਤ ਡਾਕਟਰੀ ਜਾਂਚ ਲਈ ਹਸਪਤਾਲ ਆਇਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਅਧਿਕਾਰੀਆਂ ਦੀ ਕਥਿਤ ਕੁਤਾਹੀ ’ਤੇ ਉਨ੍ਹਾਂ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸਿਹਤ ਮੰਤਰੀ ਵੀਨਾ ਜਾਰਜ ਨੇ ਇਸ ਬਾਰੇ ਤਿੰਨ ਸਟਾਫ਼ ਮੈਂਬਰਾਂ - ਦੋ ਲਿਫ਼ਟ ਆਪਰੇਟਰ ਅਤੇ ਇਕ ਡਿਊਟੀ ਸਰਜੈਂਟ ਨੂੰ ਮੁਅੱਤਲ ਕਰ ਦਿਤਾ ਹੈ।