ਅਭੇਦ ਕਿਲ੍ਹੇ ਵਾਂਗ ਹੈ ਪੀਐਮ ਮੋਦੀ ਦਾ ਨਵਾਂ ਜਹਾਜ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਦੇ ਨਵੇਂ ਜਹਾਜ਼ ਦੀਆਂ ਖ਼ੂਬੀਆਂ!

PM Modi Plane

ਅਮਰੀਕੀ ਰਾਸ਼ਟਰਪਤੀ ਦੇ ਏਅਰਫੋਰਸ ਵਨ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਜਿਸ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਜਹਾਜ਼ ਮੰਨਿਆ ਜਾਂਦਾ ਹੈ। ਆਧੁਨਿਕ ਤਕਨੀਕਾਂ ਨਾਲ ਲੈਸ ਇਸ ਜਹਾਜ਼ ਦੀ ਸੁਰੱਖਿਆ ਇੰਨੀ ਜ਼ਿਆਦਾ ਮਜ਼ਬੂਤ ਹੈਕਿ ਦੁਸ਼ਮਣ ਭੁੱਲ ਕੇ ਇਸ ਵੱਲ ਤੱਕ ਨਹੀਂ ਸਕਦਾ।

ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਬਹੁਤ ਜਲਦ ਏਅਰਫੋਰਸ ਵਨ ਵਰਗਾ ਜਹਾਜ਼ ਮਿਲਣ ਜਾ ਰਿਹਾ ਹੈ। ਇਹ ਜਹਾਜ਼ ਆਸਮਾਨ ਵਿਚ ਉਡ ਰਹੇ ਇਕ ਅਭੇਦ ਕਿਲ੍ਹੇ ਦੀ ਤਰ੍ਹਾਂ ਹੈ। ਦੁਸ਼ਮਣ ਚਾਹ ਕੇ ਵੀ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਏਅਰ ਫੋਰਸ ਵਨ ਵਰਗਾ ਜਹਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਤਿਆਰ ਹੋ ਚੁੱਕਿਆ ਹੈ। ਇਹ ਬੋਇੰਗ 777 ਜਹਾਜ਼ ਹੈ, ਜਿਸ ਨੂੰ ਅਮਰੀਕਾ ਵਿਚ ਬੇਹੱਦ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਬਣੇ ਇਸ ਬੇਹੱਦ ਖ਼ਾਸ ਜਹਾਜ਼ ਦੇ ਅਗਲੇ ਹਿੱਸੇ ਵਿਚ ਈਡਬਲਯੂ ਜੈਮਰ ਲੱਗਿਆ ਹੋਇਆ ਹੈ। ਇਹ ਦੁਸ਼ਮਣ ਰਾਡਾਰ ਦੇ ਸਿਗਨਲ ਨੂੰ ਜਾਮ ਕਰ ਦਿੰਦਾ ਹੈ। ਇਲੈਕਟ੍ਰਾਨਿਕ ਸਿਗਨਲ ਨੂੰ ਜਾਮ ਕਰ ਦਿੰਦਾ ਹੈ, ਜਿਸ ਨਾਲ ਜੇਕਰ ਇਸ ਦੇ ਉਪਰ ਮਿਜ਼ਾਇਲ ਫਾਇਰ ਕੀਤੀ ਗਈ ਤਾਂ ਉਸ ਨੂੰ ਟਾਰਗੈੱਟ ਨਹੀਂ ਮਿਲਦਾ।

ਇਸ ਜੈਮਰ ਨੂੰ ਮਿਜ਼ਾਇਲ ਦੀ ਜਾਣਕਾਰੀ ਦਿੰਦੇ ਇਸ ਜਹਾਜ਼ ਦੇ ਪਿਛਲੇ ਹਿੱਸੇ ਵਿਚ ਲੱਗਿਆ ਮਿਜ਼ਾਇਲ ਅਪਰੋਚ ਸਿਸਟਮ, ਜਿਵੇਂ ਹੀ ਇਸ ਦੇ ਉਪਰ ਕੋਈ ਮਿਜ਼ਾਇਲ ਫ਼ਾਇਰ ਹੁੰਦੀ ਹੈ ਤਾਂ ਇਹ ਤੁਰੰਤ ਪੂਰੇ ਸੁਰੱਖਿਆ ਅਮਲੇ ਨੂੰ ਅਲਰਟ ਕਰ ਦਿੰਦਾ ਹੈ। ਇਸ ਦੇ ਨਾਲ ਹੀ ਮਿਜ਼ਾਇਲ ਕਿੰਨੀ ਦੂਰ ਹੈ, ਕਿੰਨੀ ਸਪੀਡ ਨਾਲ ਆ ਰਹੀ ਹੈਅਤੇ ਕਿੰਨੀ ਉਚਾਈ 'ਤੇ ਹੈ, ਇਸ ਦੀ ਜਾਣਕਾਰੀ ਵੀ ਦਿੰਦਾ ਹੈ।

ਇਸ ਤੋਂ ਇਲਾਵਾ ਹੀਟ ਸਿੰਕ ਮਿਜ਼ਾਇਲਾਂ ਤੋਂ ਬਚਾਅ ਲਈ ਇਸ ਵਿਚ ਫਲੇਅਰਜ਼ ਲੱਗੇ ਹੋਏ ਹਨ, ਜਿਵੇਂ ਕਿ ਨਾਮ ਤੋਂ ਹੀ ਜ਼ਾਹਿਰ ਹੈ ਕਿ ਇਹ ਮਿਜ਼ਾਇਲਾਂ ਗਰਮੀ ਵੱਲ ਆਕਰਸ਼ਿਤ ਹੁੰਦੀਆਂ ਹਨ। ਇਨ੍ਹਾਂ ਫਲੇਅਰਜ਼ ਤੋਂ ਇੰਨੀ ਜ਼ਿਆਦਾ ਗਰਮੀ ਨਿਕਲਦੀ ਹੈ ਜਿਸ ਨਾਲ ਮਿਜ਼ਾਇਲ ਦੀ ਦਿਸ਼ਾ ਨੂੰ ਭਟਕਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਖ਼ਾਸ ਜਹਾਜ਼ ਵਿਚ ਇਕ ਮਿਰਰ ਬਾਲ ਸਿਸਟਮ ਵੀ ਲੱਗਿਆ ਹੋਇਆ ਹੈ, ਜਿਸ ਦਾ ਕੰਮ ਇਨਫਰਾਰੈੱਡ ਸਿਗਨਲ ਨੂੰ ਜਾਮ ਕਰਨਾ ਹੈ ਕਿਉਂਕਿ ਅੱਜ ਕੱਲ੍ਹ ਦੀਆਂ ਆਧੁਨਿਕ ਮਿਜ਼ਾਇਲਾਂ ਇਨਫਰਾਰੈੱਡ ਨੇਵੀਗੇਸ਼ਨ ਸਿਸਟਮ ਨਾਲ ਚਲਦੀਆਂ ਹਨ, ਇਹ ਮਿਰਰ ਬਾਲ ਉਨ੍ਹਾਂ ਦੇ ਸਿਗਨਲ ਨੂੰ ਜਾਮ ਕਰਨ ਦੀ ਤਾਕਤ ਰੱਖਦਾ ਹੈ, ਜਿਸ ਨਾਲ ਦੁਸ਼ਮਣ ਮਿਜ਼ਾਇਲ ਨਾਕਾਮ ਹੋ ਜਾਂਦੀ ਹੈ।

ਇੱਥੇ ਹੀ ਬਸ ਨਹੀਂ, ਇਸ ਵਿਚ ਸਭ ਤੋਂ ਆਧੁਨਿਕ ਅਤੇ ਸਕਿਓਰ ਸੈਟੇਲਾਈਟ ਕਮਿਊਨੀਕੇਸ਼ਨਜ਼ ਸਿਸਟਮ ਵੀ ਲੱਗਿਆ ਹੋਇਆ ਹੈ। ਯਾਨੀ ਇਸ ਦੇ ਜ਼ਰੀਏ ਪੀਐਮ ਮੋਦੀ ਨਾ ਸਿਰਫ਼ ਗਰਾਊਂਡ 'ਤੇ ਸੰਪਰਕ ਵਿਚ ਰਹਿ ਸਕਦੇ ਨੇ ਬਲਕਿ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਗੱਲਬਾਤ ਕਰ ਸਕਦੇ ਹਨ। ਬੇਹੱਦ ਸੁਰੱਖਿਅਤ ਹੋਣ ਨਾਲ ਉਨ੍ਹਾਂ ਦੀ ਗੱਲਬਾਤ ਨੂੰ ਟੇਪ ਵੀ ਨਹੀਂ ਕੀਤਾ ਜਾ ਸਕਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਲਈ ਅਜਿਹੇ ਦੋ ਜਹਾਜ਼ ਖ਼ਰੀਦੇ ਗਏ ਹਨ। ਜਿਨ੍ਹਾਂ ਵਿਚੋਂ ਇਕ ਜਹਾਜ਼ ਅਗਲੇ ਮਹੀਨੇ ਡਿਲੀਵਰ ਹੋਣ ਵਾਲਾ ਹੈ। ਇਸ ਨੂੰ ਏਅਰਫੋਰਸ ਦੇ ਪਾਇਲਟ ਉਡਾਉਣਗੇ ਅਤੇ ਇਸ ਦਾ ਕਾਲ ਸਾਈਨ 'ਇੰਡੀਅਨ ਏਅਰਫੋਰਸ ਵਨ' ਰੱਖਿਆ ਜਾ ਸਕਦਾ ਹੈ। ਇਨ੍ਹਾਂ ਦੋਵੇਂ ਜਹਾਜ਼ਾਂ ਦੀ ਕੀਮਤ ਕਰੀਬ 8458 ਕਰੋੜ ਰੁਪਏ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਏਅਰ ਇੰਡੀਆ ਦੇ 'ਏਅਰ ਇੰਡੀਆ ਵਨ' ਜਹਾਜ਼ ਵਿਚ ਜਾਂਦੇ ਹਨ ਜਿਸ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਹੋਇਆ ਹੈ ਪਰ ਹੁਣ ਪੀਐਮ ਮੋਦੀ ਵੀ ਅਮਰੀਕੀ ਰਾਸ਼ਟਰਪਤੀ ਵਰਗੇ ਅਤਿ ਆਧੁਨਿਕ ਅਤੇ ਬੇਹੱਦ ਸੁਰੱਖਿਅਤ ਜਹਾਜ਼ ਵਿਚ ਸਫ਼ਰ ਕਰਨਗੇ।