CRPF ਦੇ ਇਸ ਪੰਜਾਬੀ ਅਫ਼ਸਰ ਨੇ 4 ਸਾਲਾਂ ਵਿਚ 7 ਪੁਲਿਸ ਬਹਾਦਰੀ ਪੁਰਸਕਾਰ ਜਿੱਤ ਕੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਆਰਪੀਐਫ ਅਧਿਕਾਰੀ ਨਰੇਸ਼ ਕੁਮਾਰ ਨੇ ਚਾਰ ਸਾਲਾਂ ਵਿਚ ਅਪਣਾ 7ਵਾਂ ਪੁਲਿਸ ਬਹਾਦਰੀ ਪੁਰਸਕਾਰ ਪ੍ਰਾਪਤ ਕਰ ਕੇ ਇਤਿਹਾਸ ਰਚ ਦਿੱਤਾ ਹੈ।

With 7 police gallantry medals in 4 years, CRPF officer makes history

ਨਵੀਂ ਦਿੱਲੀ: ਸੀਆਰਪੀਐਫ ਅਧਿਕਾਰੀ ਨਰੇਸ਼ ਕੁਮਾਰ ਨੇ ਚਾਰ ਸਾਲਾਂ ਵਿਚ ਅਪਣਾ 7ਵਾਂ ਪੁਲਿਸ ਬਹਾਦਰੀ ਪੁਰਸਕਾਰ ਪ੍ਰਾਪਤ ਕਰ ਕੇ ਇਤਿਹਾਸ ਰਚ ਦਿੱਤਾ ਹੈ। ਨਰੇਸ਼ ਕੁਮਾਰ ਹੁਣ ਸੀਆਰਪੀਐਫ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਪੁਲਿਸ ਬਹਾਦਰੀ ਪੁਰਸਕਾਰ ਹਾਸਲ ਕਰਨ ਵਾਲੇ ਅਧਿਕਾਰੀ ਬਣ ਗਏ ਹਨ। ਇਹ ਜਾਣਕਾਰੀ ਕੇਂਦਰੀ ਬਲ ਦੇ ਡਿਪਟੀ ਇੰਸਪੈਕਟਰ ਜਨਰਲ ਅਤੇ ਬੁਲਾਰੇ ਐਮ ਦਿਨਾਕਰਨ ਨੇ ਦਿੱਤੀ ਹੈ।

74ਵੇਂ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੁਲਿਸ ਬਹਾਦਰੀ ਪੁਰਸਕਾਰ ਦਾ ਐਲਾਨ ਕੀਤਾ ਗਿਆ। ਇਸ ਸੂਚੀ ਵਿਚ 936 ਪੁਰਸਕਾਰ ਸ਼ਾਮਲ ਹਨ, ਜਿਨ੍ਹਾਂ ਵਿਚ ਬਹਾਦਰੀ ਲਈ 215 ਪੁਲਿਸ ਮੈਡਲ, 80 ਰਾਸ਼ਟਰਪਤੀ ਪੁਲਿਸ ਮੈਡਲ ਅਤੇ ਸ਼ਲਾਘਾਯੋਗ ਸੇਵਾ ਲਈ 631 ਪੁਲਿਸ ਮੈਡਲ ਸ਼ਾਮਲ ਹਨ।

35 ਸਾਲਾ ਅਸਿਸਟੈਂਟ ਕਮਾਂਡੇਂਟ ਨਰੇਸ਼ ਕੁਮਾਰ ਨੂੰ ਸ੍ਰੀਨਗਰ ਵਿਚ ਛੱਤਬਲ ਵਿਚ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀਆਂ ਨੂੰ ਮਾਰਨ ਵਾਲੀ ਟੀਮ ਦੀ ਅਗਵਾਈ ਕਰਨ ਲਈ 26 ਜਨਵਰੀ 2020 ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 7ਵਾਂ ਪੁਰਸਕਾਰ ਉਹਨਾਂ ਨੂੰ 2017 ਵਿਚ ਉੱਚ ਸੁਰੱਖਿਆ ਵਾਲੇ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ ਬੀਐਸਐਫ ਕੈਂਪ ‘ਤੇ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ ਖਿਲਾਫ ਆਪਰੇਸ਼ਨ ਲਈ ਮਿਲਿਆ ਹੈ, ਜਿਸ ਵਿਚ ਤਿੰਨ ਅਤਿਵਾਦੀ ਮਾਰੇ ਗਏ ਸੀ।

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਕੁਮਾਰ ਅਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਫੌਜ ਅਧਿਕਾਰੀ ਹਨ ਅਤੇ ਸੁਰੱਖਿਆ ਬਲਾਂ ਵਿਚ ਜਾਣ ਦਾ ਉਹਨਾਂ ਦਾ ਬਚਪਨ ਤੋਂ ਹੀ ਸੁਪਨਾ ਰਿਹਾ ਹੈ।ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ, ‘ਮੇਰੇ ਦਾਦਾ, ਪਿਤਾ, ਚਾਚਾ ਅਤੇ ਕਈ ਹੋਰ ਪਰਿਵਾਰਕ ਮੈਂਬਰਾਂ ਨੇ ਫੌਜ ਵਿਚ ਦੇਸ਼ ਦੀ ਸੇਵਾ ਕੀਤੀ ਹੈ। ਮੈਂ 12ਵੀਂ ਵਿਚ ਸੀ ਜਦੋਂ ਮੇਰੇ ਪਿਤਾ ਭਾਰਤੀ ਫੌਜ ਤੋਂ ਆਨਰੇਰੀ ਕਪਤਾਨ ਵਜੋਂ ਸੇਵਾਮੁਕਤ ਹੋਏ ਸਨ’।

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਗ੍ਰੈਜੂਏਟ ਨਰੇਸ਼ ਕੁਮਾਰ ਨੇ ਯੂਪੀਐਸਸੀ ਵੱਲੋਂ ਅਯੋਜਤ ਸੀਆਰਪੀਐਫ ਅਸਿਸਟੈਂਟ ਕਮਾਂਡੇਂਟ ਪ੍ਰੀਖਿਆ ਨੂੰ ਪਹਿਲੀ ਵਾਰ ਵਿਚ ਹੀ ਪਾਸ ਕਰ ਲਿਆ ਸੀ ਅਤੇ 2013 ਵਿਚ ਫੋਰਸ ਵਿਚ ਸ਼ਾਮਲ ਹੋਏ ਸੀ। ਉਹ ਪਿਛਲੇ ਸਾਲ ਤੱਕ ਜੰਮੂ ਅਤੇ ਕਸ਼ਮੀਰ ਵਿਚ ਤੈਨਾਤ ਸਨ ਅਤੇ ਮੌਜੂਦਾ ਸਮੇਂ ਵਿਚ ਦਿੱਲੀ ਵਿਚ ਤੈਨਾਤ ਹਨ। ਉਹ ਘਾਟੀ ਦੀ ਸੀਆਰਪੀਐਫ ਵੈਲੀ ਕਵਿੱਕ ਐਕਸ਼ਨ ਟੀਮ ਦਾ ਹਿੱਸਾ ਰਹੇ ਹਨ, ਜਿਸ ਨੂੰ ਇਸ ਸਾਲ 15 ਤੋਂ ਜ਼ਿਆਦਾ ਬਹਾਦਰੀ ਪੁਰਸਕਾਰ ਪ੍ਰਾਪਤ ਹੋਏ ਹਨ।