ਦੇਸ਼ ਨੂੰ ਸੇਧ ਦੇਣ ਲਈ ਗਾਂਧੀਵਾਦੀ ਆਦਰਸ਼ "ਸਭ ਤੋਂ ਵੱਡਾ ਹਥਿਆਰ": ਸਟਾਲਿਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਸਟਾਲਿਨ ਨੇ ਸੂਬੇ ਵਿਚ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਵਿਚ ਵਾਧੇ ਦਾ ਐਲਾਨ ਵੀ ਕੀਤਾ।

M K Stalin

ਚੇਨਈ - ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਐਤਵਾਰ ਨੂੰ ਕਿਹਾ ਕਿ ਜਾਤੀ, ਧਰਮ ਅਤੇ ਫਿਰਕੇ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਦੇਸ਼ ਨੂੰ ਸੇਧ ਦੇਣ ਲਈ ਗਾਂਧੀਵਾਦੀ ਆਦਰਸ਼ "ਸਭ ਤੋਂ ਵੱਡਾ ਹਥਿਆਰ" ਹਨ ਅਤੇ ਇਸ ਨੂੰ ਨੌਜਵਾਨਾਂ ਦੇ ਮਨਾਂ ਵਿਚ ਬਿਠਾਉਣਾ ਚਾਹੀਦਾ ਹੈ। ਆਜ਼ਾਦੀ ਦੇ 75 ਵੇਂ ਸਾਲ ਦਾ ਜਸ਼ਨ ਮਨਾਉਣ ਲਈ ਇੱਥੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਸੂਬੇ ਵਿਚ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਵਿਚ ਵਾਧੇ ਦਾ ਐਲਾਨ ਵੀ ਕੀਤਾ।

ਉਨ੍ਹਾਂ ਕਿਹਾ, "ਆਓ ਅਸੀਂ ਨੌਜਵਾਨਾਂ ਦੇ ਮਨਾਂ ਵਿਚ ਇਹ ਸਥਾਪਤ ਕਰਨ ਦਾ ਸੰਕਲਪ ਕਰੀਏ ਕਿ ਜਾਤੀ, ਧਰਮ ਅਤੇ ਫਿਰਕੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਸੇਧ ਦੇਣ ਲਈ ਗਾਂਧੀਵਾਦੀ ਆਦਰਸ਼ ਸਭ ਤੋਂ ਵੱਡਾ ਹਥਿਆਰ ਹੈ।" ਮਹਾਤਮਾ ਗਾਂਧੀ ਦੀ ਤਾਮਿਲਨਾਡੂ ਨਾਲ ਡੂੰਘੀ ਸਾਂਝ ਦਾ ਜ਼ਿਕਰ ਕਰਦਿਆਂ, ਸਟਾਲਿਨ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਇੱਥੇ ਸਾਦੇ ਕੱਪੜੇ ਪਾਉਣ ਦਾ ਸੰਕਲਪ ਲਿਆ ਸੀ। ਉਨ੍ਹਾਂ ਕਿਹਾ, “ਮਹਾਤਮਾ ਗਾਂਧੀ ਨੇ ਆਪਣੇ ਜੀਵਨ ਕਾਲ ਵਿਚ 20 ਵਾਰ ਤਾਮਿਲਨਾਡੂ ਦਾ ਦੌਰਾ ਕੀਤਾ।

ਜਦੋਂ ਉਹ 100 ਸਾਲ ਪਹਿਲਾਂ ਮਦੁਰੈ ਆਏ ਸਨ, ਤਾਮਿਲਨਾਡੂ ਨੇ ਉਹਨਾਂ ਨੂੰ ਵਿਦਾਈ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦੱਖਣ ਵਿਚ ਸ਼ਹਿਰ ਦਾ ਦੌਰਾ ਕਰਦਿਆਂ ਗਰੀਬੀ ਨੂੰ ਵੇਖਦਿਆਂ ਗਾਂਧੀ ਨੇ ਸਾਦੇ ਕੱਪੜੇ ਪਹਿਨਣ ਦਾ ਸੰਕਲਪ ਲਿਆ ਜੋ ਬਾਅਦ ਵਿਚ ਉਨ੍ਹਾਂ ਦੀ ਵੱਖਰੀ ਪਛਾਣ ਵੀ ਬਣਿਆ। ਸਟਾਲਿਨ ਨੇ 6 ਕਰੋੜ ਰੁਪਏ ਦੀ ਲਾਗਤ ਨਾਲ ਮਦੁਰੈ ਵਿਚ ਮਹਾਤਮਾ ਗਾਂਧੀ ਮਿਊਜ਼ੀਅਮ ਦਾ ਨਵੀਨੀਕਰਨ ਕਰਨ ਦਾ ਵੀ ਫੈਸਲਾ ਕੀਤਾ। ਸਟਾਲਿਨ ਨੇ ਆਜ਼ਾਦੀ ਦੇ 75 ਵੇਂ ਵਰ੍ਹੇ ਨੂੰ ਮਨਾਉਣ ਲਈ ਇੱਕ ਥੰਮ੍ਹ ਦਾ ਉਦਘਾਟਨ ਵੀ ਕੀਤਾ।