ਅਜ਼ਾਦੀ ਦਿਹਾੜੇ ਮੌਕੇ ਤਿਰੰਗਿਆਂ, ਫੁੱਲਾਂ ਅਤੇ ਚਿੱਤਰਕਾਰੀ ਨੇ ਲਾਲ ਕਿਲ੍ਹੇ ਦੀ ਸੁੰਦਰਤਾ ਨੂੰ ਲਗਾਏ ਚਾਰ ਚੰਨ
ਪਿਛਲੇ 75 ਸਾਲਾਂ 'ਚ ਪਹਿਲੀ ਵਾਰ ਲਾਲ ਕਿਲ੍ਹੇ 'ਤੇ 21 ਤੋਪਾਂ ਦੀ ਸਲਾਮੀ ਦਿੰਦੇ ਸਮੇਂ ਦੇਸ਼ 'ਚ ਬਣੀ ਹਾਵਿਤਜ਼ਰ ਤੋਪ ਦੀ ਵਰਤੋਂ ਕੀਤੀ ਗਈ।
ਨਵੀਂ ਦਿੱਲੀ - ਦੇਸ਼ ਦੇ 75ਵੇਂ ਅਜ਼ਾਦੀ ਦਿਹਾੜੇ ਮੌਕੇ ਸੋਮਵਾਰ ਨੂੰ ਲਾਲ ਕਿਲ੍ਹੇ ਨੂੰ ਤਿਰੰਗਿਆਂ, ਫੁੱਲਾਂ ਅਤੇ ਪੇਂਟਿੰਗਾਂ ਨਾਲ ਸਜਾਇਆ ਗਿਆ ਜੋ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਪ੍ਰਮੁੱਖ ਘਟਨਾਵਾਂ ਨੂੰ ਦਰਸਾਉਂਦੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਕੁਝ ਸਮਾਂ ਪਹਿਲਾਂ ਆਜ਼ਾਦੀ ਦਿਵਸ ਮੌਕੇ ਪਹਿਲੀ ਵਾਰ ਐਮਆਈ-17 ਹੈਲੀਕਾਪਟਰ ਰਾਹੀਂ ਲਾਲ ਕਿਲ੍ਹੇ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਲਾਲ ਕਿਲ੍ਹੇ ਦੇ ਪ੍ਰਵੇਸ਼ ਦੁਆਰ 'ਤੇ ਮਸ਼ੀਨ ਨਾਲ ਚੱਲਣ ਵਾਲੇ ਦੋ ਹਾਥੀ ਤਾਇਨਾਤ ਸਨ, ਜਿਨ੍ਹਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਲੋਕ ਹਾਥੀਆਂ ਨਾਲ ਸੈਲਫੀ ਲੈਂਦੇ ਦੇਖੇ ਗਏ। ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਤਿੰਨ ਰੰਗਾਂ ਦੇ ਗੁਬਾਰੇ ਅਸਮਾਨ ਵਿਚ ਉਡਾਏ ਗਏ। ਪਿਛਲੇ 75 ਸਾਲਾਂ 'ਚ ਪਹਿਲੀ ਵਾਰ ਲਾਲ ਕਿਲ੍ਹੇ 'ਤੇ 21 ਤੋਪਾਂ ਦੀ ਸਲਾਮੀ ਦਿੰਦੇ ਸਮੇਂ ਦੇਸ਼ 'ਚ ਬਣੀ ਹਾਵਿਤਜ਼ਰ ਤੋਪ ਦੀ ਵਰਤੋਂ ਕੀਤੀ ਗਈ।
Red Fort
ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਦੇ ਕੈਡਿਟ ਆਪਣੇ-ਆਪਣੇ ਰਾਜਾਂ ਦੇ ਰਵਾਇਤੀ ਪਹਿਰਾਵੇ ਵਿਚ ਸਜੇ ਹੋਏ 'ਗਿਆਨ ਮਾਰਗ' ਗੈਲਰੀ ਵਿਚ ਭਾਰਤੀ ਨਕਸ਼ੇ ਦੀ ਸ਼ਕਲ ਵਿਚ ਬੈਠੇ ਸਨ। ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੇ ਕੰਪਲੈਕਸ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਸ ਗੈਲਰੀ ਦਾ ਵੀ ਦੌਰਾ ਕੀਤਾ ਜਿੱਥੇ ਐਨਸੀਸੀ ਕੈਡੇਟ ਬੈਠੇ ਸਨ। ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। 17ਵੀਂ ਸਦੀ ਦੇ ਮੁਗ਼ਲ ਸਮਾਰਕ ਲਾਲ ਕਿਲ੍ਹੇ ਦੇ ਬਾਹਰ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਉਨ੍ਹਾਂ ਨੇ ਤਿਰੰਗੇ ਦੇ ਰੰਗ ਦੀਆਂ ਟੋਪੀਆਂ ਪਾਈਆਂ ਹੋਈਆਂ ਸਨ ਅਤੇ ਰਾਸ਼ਟਰੀ ਝੰਡਾ ਫੜਿਆ ਹੋਇਆ ਸੀ।
ਪ੍ਰੋਗਰਾਮ ਵਿਚ ਦੇਸ਼ ਭਰ ਦੇ ਵੱਖ-ਵੱਖ ਸਕੂਲਾਂ ਦੇ ਕੁੱਲ 792 ਐਨਸੀਸੀ ਕੈਡਿਟਾਂ ਨੇ ਭਾਗ ਲਿਆ। ਲਾਲ ਕਿਲ੍ਹੇ 'ਤੇ ਆਯੋਜਿਤ ਸੁਤੰਤਰਤਾ ਦਿਵਸ ਸਮਾਰੋਹ ਦੇ ਤਜ਼ਰਬੇ ਦਾ ਵਰਣਨ ਕਰਦੇ ਹੋਏ, ਪੱਛਮੀ ਬੰਗਾਲ ਤੋਂ ਐਨਸੀਸੀ ਕੈਡੇਟ ਆਕਾਸ਼ ਨੇ ਕਿਹਾ ਕਿ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲ ਕੇ ਉਹ ਬਹੁਤ ਰੋਮਾਂਚਿਤ ਮਹਿਸੂਸ ਕਰ ਰਹੇ ਹਨ।
ਆਕਾਸ਼ ਨੇ ਕਿਹਾ, “ਅਸੀਂ ਇਸ ਪ੍ਰੋਗਰਾਮ ਲਈ ਪਿਛਲੇ 15 ਦਿਨਾਂ ਤੋਂ ਦਿੱਲੀ ਵਿਚ ਹਾਂ। ਇਹ ਸਾਡੇ ਲਈ ਬਹੁਤ ਵੱਡਾ ਮੌਕਾ ਸੀ ਅਤੇ ਮੈਨੂੰ ਉਮੀਦ ਹੈ ਕਿ ਸਾਨੂੰ ਅਜਿਹੇ ਸਮਾਗਮਾਂ ਵਿਚ ਹਿੱਸਾ ਲੈਣ ਦਾ ਦੁਬਾਰਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸਾਡੇ ਸਾਰਿਆਂ ਲਈ ਬਹੁਤ ਪ੍ਰੇਰਨਾਦਾਇਕ ਸੀ।
ਪੰਜਾਬ ਦੀ ਇੱਕ ਹੋਰ ਐਨਸੀਸੀ ਕੈਡੇਟ ਹਰਪ੍ਰੀਤ ਕੌਰ ਨੇ ਕਿਹਾ ਕਿ ਲਾਲ ਕਿਲ੍ਹੇ ਵਿਚ ਹੋਏ ਸਮਾਗਮ ਵਿਚ ਸ਼ਾਮਲ ਹੋਣਾ ਇੱਕ ਰੋਮਾਂਚਕ ਅਨੁਭਵ ਸੀ।
ਕੌਰ ਨੇ ਕਿਹਾ, “ਮੈਨੂੰ ਬਹੁਤ ਚੰਗਾ ਲੱਗਾ ਜਦੋਂ Mi-17 ਹੈਲੀਕਾਪਟਰ ਨੇ ਫੁੱਲਾਂ ਦੀ ਵਰਖਾ ਕੀਤੀ। ਮੈਨੂੰ ਅਸਮਾਨ ਵਿਚ ਗੁਬਾਰੇ ਸੁੱਟਣਾ ਵੀ ਪਸੰਦ ਸੀ। ਇਹ ਬਹੁਤ ਹੀ ਰੋਮਾਂਚਕ ਅਨੁਭਵ ਸੀ।'