23 ਸਾਲਾਂ ਮਗਰੋਂ ਪਹਿਲੀ ਵਾਰ ਮਨੀਪੁਰ ’ਚ ਵਿਖਾਈ ਗਈ ਹਿੰਦੀ ਫ਼ਿਲਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬੇ ਅੰਦਰ ਜਨਤਕ ਰੂਪ ’ਚ ਵਿਖਾਈ ਗਈ ਆਖ਼ਰੀ ਹਿੰਦੀ ਫ਼ਿਲਮ 1998 ’ਚ ਆਈ ‘ਕੁਛ ਕੁਛ ਹੋਤਾ ਹੈ’ ਸੀ

Movie.

ਇੰਫ਼ਾਲ: ਜਾਤ ਅਧਾਰਤ ਹਿੰਸਾ ਤੋਂ ਪ੍ਰਭਾਵਤ ਮਨੀਪੁਰ ’ਚ ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰੀ ਆਜ਼ਾਦੀ ਦਿਹਾੜੇ ’ਤੇ ਇਕ ਹਿੰਦੀ ਫ਼ਿਲਮ ਵਿਖਾਈ ਗਈ। ਲੰਮੇ ਸਮੇਂ ਤੋਂ ਸੂਬੇ ’ਚ ਮੈਤੇਈ ਅਤਿਵਾਦੀ ਗਰੁੱਪ ਨਾਲ ਸਬੰਧਤ ਧੜੇ ਨੇ ਬਾਲੀਵੁੱਡ ਦੀਆਂ ਹਿੰਦੀ ਫ਼ਿਲਮਾਂ ਨੂੰ ਵਿਖਾਉਣ ’ਤੇ ਰੋਕ ਲਾਈ ਹੋਈ ਸੀ। 

ਆਦਿਵਾਸੀ ਸੰਗਠਨ ‘ਹਮਾਰ ਛਾਤਰ ਸੰਘ’ (ਐਚ.ਐਸ.ਏ.) ਨੇ ਮੰਗਲਵਾਰ ਸ਼ਾਮ ਨੂੰ ਚੁਰਾਚਾਂਦਪੁਰ ਜ਼ਿਲ੍ਹੇ ਦੇ ਰੇਂਗਕਈ (ਲਮਕਾ) ’ਚ ਹਿੰਦੀ ਫ਼ਿਲਮ ਵਿਖਾਉਣ ਦੀ ਯੋਜਨਾ ਬਣਾਈ। ਆਜ਼ਾਦੀ ਦਿਹਾੜੇ ਮੌਕੇ ਸ਼ਾਮ ਸਮੇਂ ਖੁੱਲ੍ਹੇ ਮੈਦਾਨ ’ਚ ‘ਉੜੀ’ ਫ਼ਿਲਮ ਵਿਖਾਈ ਗਈ ਜੋ ਕਿ ਭਾਰਤ ਦੀ ਪਾਕਿਸਤਾਨ ’ਤੇ ਕੀਤੀ ਸਰਜੀਕਲ ਸਟਰਾਈਕ ’ਤੇ ਬਣੀ ਵਿੱਕੀ ਕੌਸ਼ਲ ਦੀ ਅਦਾਕਾਰੀ ਵਾਲੀ ਫ਼ਿਲਮ ਹੈ। 

ਖ਼ੁਦ ਨੂੰ ਕੁਕੀ ਲੋਕਾਂ ਦੀ ਆਵਾਜ਼ ਦੱਸਣ ਵਾਲੇ ਐਚ.ਐਸ.ਏ. ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਇਹ ਉਨ੍ਹਾਂ ਅਤਿਵਾਦੀ ਸਮੂਹਾਂ ਪ੍ਰਤੀ ਸਾਡੀ ਹੁਕਮ ਅਦੂਲੀ ਅਤੇ ਵਿਰੋਧ ਨੂੰ ਪ੍ਰਗਟਾਉਣ ਲਈ ਹੈ ਜਿਨ੍ਹਾਂ ਨੇ ਦਹਾਕਿਆਂ ਤੋਂ ਆਦਿਵਾਸੀਆਂ ਅਪਣੇ ਅਧੀਨ ਕਰ ਕੇ ਰਖਿਆ ਹੋਇਆ ਹੈ। ਆਜ਼ਾਦੀ ਅਤੇ ਨਿਆਂ ਲਈ ਸਾਡੀ ਲੜਾਈ ਜਾਰੀ ਰੱਖਣ ਦੇ ਅਹਿਦ ’ਚ ਸਾਡਾ ਸਾਥ ਦਿਉ।’’ 

ਐਚ.ਐਸ.ਏ. ਨੇ ਕਿਹਾ ਕਿ ਮਨੀਪੁਰ ’ਚ ਜਨਤਕ ਰੂਪ ’ਚ ਵਿਖਾਈ ਗਈ ਆਖ਼ਰੀ ਹਿੰਦੀ ਫ਼ਿਲਮ 1998 ’ਚ ਆਈ ‘ਕੁਛ ਕੁਛ ਹੋਤਾ ਹੈ’ ਸੀ। ਜ਼ਿਕਰਯੋਗ ਹੈ ਕਿ ਵਿਦਰੋਹੀ ਜਥੇਬੰਦੀ ‘ਰੈਵੋਲਿਊਸ਼ਨਰੀ ਪੀਪਲਜ਼ ਫ਼ਰੰਟ’ ਨੇ ਸਤੰਬਰ 2000 ’ਚ ਹਿੰਦੀ ਫ਼ਿਲਮਾਂ ਦੇ ਪ੍ਰਦਰਸ਼ਨ ’ਤੇ ਪਾਬੰਦੀ ਲਾ ਦਿਤੀ ਸੀ। 

ਅਧਿਕਾਰੀਆਂ ਨੇ ਕਿਹਾ ਕਿ 12 ਸਤੰਬਰ ਨੂੰ ਪਾਬੰਦੀ ਲਾਏ ਜਾਣ ਤੋਂ ਇਕ ਹਫ਼ਤੇ ਅੰਦਰ ਵਿਦਰੋਹੀਆਂ ਨੇ ਸੂਬੇ ’ਚ ਦੁਕਾਨਾਂ ਤੋਂ ਇਕੱਠਾ ਕੀਤੇ ਹਿੰਦੀ ਦੇ 6 ਹਜ਼ਾਰ ਤੋਂ 8 ਹਜ਼ਾਰ ਵੀਡੀਉ ਅਤੇ ਆਡੀਉ ਕੈਸੇਟ ਸਾੜ ਦਿਤੇ ਸਨ। 

ਆਰ.ਪੀ.ਐਫ਼. ਨੇ ਪੂਰਬ-ਉੱਤਰੀ ਸੂਬੇ ’ਚ ਇਸ ਪਾਬੰਦੀ ਦਾ ਕੋਈ ਕਾਰਨ ਨਹੀਂ ਦਸਿਆ ਪਰ ਕੇਬਲ ਆਪਰੇਟਰਾਂ ਨੇ ਕਿਹਾ ਸੀ ਕਿ ਅਤਿਵਾਦੀ ਸਮੂਹ ਨੂੰ ਸੂਬੇ ਦੀ ਭਾਸ਼ਾ ਅਤੇ ਸਭਿਆਚਾਰ ’ਤੇ ਬਾਲੀਵੁੱਡ ਦਾ ਨਾਕਾਰਾਤਮਕ ਅਸਰ ਪੈਣ ਦਾ ਸ਼ੱਕ ਹੈ।