ਕਿਸਾਨ ਅੰਦੋਲਨ ਨੂੰ 'ਪੈਸੇ ਲੈ ਕੇ ਚਲਾਇਆ ਹੋਇਆ ਅੰਦੋਲਨ' ਦੱਸਣ ਵਾਲਾ Elvish ਬਣਿਆ 'ਬਿੱਗ ਬੌਸ ਓਟੀਟੀ 2' ਦਾ ਜੇਤੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਨੂੰ ਦੱਸਿਆ ਸੀ 'ਪੈਸੇ ਲੈ ਕੇ ਚਲਾਇਆ ਹੋਇਆ ਅੰਦੋਲਨ' 

Elvish Yadav

ਨਵੀਂ ਦਿੱਲੀ - ਕਿਸਾਨ ਅੰਦੋਲਨ ਨੂੰ 'ਪੈਸੇ ਲੈ ਕੇ ਚਲਾਇਆ ਹੋਇਆ ਅੰਦੋਲਨ' ਦੱਸਣ ਵਾਲਾ ਐਲਵਿਸ਼ ਯਾਦਵ ਬਿੱਗ ਬੌਸ ਓਟੀਟੀ 2 ਦੇ ਸ਼ੋਅ ਦਾ ਵਿਨਰ ਬਣਿਆ ਹੈ। ਵਾਈਲਡ ਕਾਰਡ ਐਂਟਰੀ ਐਲਵਿਸ਼ ਯਾਦਵ ਨੇ ਇਹ ਸ਼ੋਅ ਜਿੱਤਿਆ ਹੈ। ਐਲਵਿਸ਼ ਯਾਦਵ ਨੇ ਬਿੱਗ ਬੌਸ ਦੀ ਟਰਾਫੀ ਦੇ ਨਾਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ। 

ਪਿਛਲੇ ਕੁਝ ਦਿਨਾਂ ਤੋਂ ਬਿੱਗ ਬੌਸ ਓਟੀਟੀ 2 ਦੇ ਜੇਤੂ ਨੂੰ ਲੈ ਕੇ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। ਪਰ ਕੱਲ੍ਹ ਉਹ ਪਲ ਆ ਹੀ ਗਿਆ ਜਦੋਂ ਇਸ ਰਿਐਲਿਟੀ ਸ਼ੋਅ ਦੇ ਜੇਤੂ ਦਾ ਐਲਾਨ ਹੋਇਆ। ਸ਼ੋਅ 'ਚ 'ਰਾਓ ਸਾਹਿਬ' ਦੇ ਨਾਂ ਨਾਲ ਮਸ਼ਹੂਰ ਐਲਵਿਸ਼ ਯਾਦਵ ਨੇ ਜੇਤੂ ਟਰਾਫੀ 'ਤੇ ਕਬਜ਼ਾ ਕੀਤਾ। ਉਸ ਨੂੰ ਟਰਾਫੀ ਦੇ ਨਾਲ 25 ਲੱਖ ਦਾ ਨਕਦ ਇਨਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਹਿਲੇ ਰਨਰ-ਅੱਪ ਅਭਿਸ਼ੇਕ ਮਲਹਾਨ ਅਤੇ ਮਨੀਸ਼ਾ ਰਾਣੀ ਤੀਜੇ ਸਥਾਨ 'ਤੇ ਰਹੇ।

24 ਸਾਲ ਦਾ ਐਲਵਿਸ਼ ਇੱਕ ਮਸ਼ਹੂਰ ਯੂਟਿਊਬਰ ਹੈ। ਗੁਰੂਗ੍ਰਾਮ ਵਿਚ ਜੰਮੇ ਸੋਸ਼ਲ ਮੀਡੀਆ ਪ੍ਰਭਾਵਕ ਐਲਵਿਸ਼ ਨੇ ਸਾਲ 2016 ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਉਸ ਦੇ 3 ਯੂਟਿਊਬ ਚੈਨਲ ਹਨ ਤੇ ਇੰਸਟਾਗ੍ਰਾਮ 'ਤੇ ਉਸ ਦੇ 13 ਮਿਲੀਅਨ ਫਾਲੋਅਰਜ਼ ਹਨ। ਦੱਸ ਦਈਏ ਕਿ 2 ਸਾਲ ਪਹਿਲਾਂ ਜਦੋਂ ਦਿੱਲੀ ਦੀਆਂ ਸੜਕਾਂ 'ਤੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਉਸ ਸਮੇਂ ਐਲਵਿਸ਼ ਨੇ ਕਿਸਾਨਾਂ ਦੇ ਧਰਨੇ ਨੂੰ ਪੈਸੇ ਲੈ ਕੇ ਲਗਾਇਆ ਹੋਇਆ ਧਰਨਾ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਕਿਸਾਨ ਅਪਣੀ ਹਰ ਇਕ ਮੰਗ ਲੈ ਕੇ ਸੜਕਾਂ 'ਤੇ ਬੈਠ ਜਾਂਦੇ ਹਨ ਤੇ ਕੀ ਹੁਣ ਸਰਕਾਰ ਉਹਨਾਂ ਦੀਆਂ ਨਾਜ਼ਾਇਜ਼ ਮੰਗਾਂ ਨੂੰ ਵੀ ਮੰਨੇਗੀ।