ਮਹਾਤਮਾ ਗਾਂਧੀ ਨੂੰ ਜ਼ਹਿਰ ਦੇਣ ਤੋਂ ਇਨਕਾਰ ਕਰਨ ਵਾਲੇ ਰਸੋਈਏ ਦੇ ਪੋਤੇ-ਪੋਤੀਆਂ ਨੂੰ ਰਾਸ਼ਟਰਪਤੀ ਦਾ ਵਾਅਦਾ ਪੂਰਾ ਹੋਣ ਦੀ ਉਡੀਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੰਪਾਰਣ ਸੱਤਿਆਗ੍ਰਹਿ ਦੌਰਾਨ ਇਕ ਬ੍ਰਿਟਿਸ਼ ਅਧਿਕਾਰੀ ਨੇ ਮਹਾਤਮਾ ਗਾਂਧੀ ਨੂੰ ਜ਼ਹਿਰ ਦੇਣ ਦਾ ਦਿਤਾ ਸੀ ਹੁਕਮ

Mahatma Gandhi

ਪਟਨਾ: ਸਾਲ 1917 ’ਚ ਚੰਪਾਰਣ ਸੱਤਿਆਗ੍ਰਹਿ ਦੌਰਾਨ ਮਹਾਤਮਾ ਗਾਂਧੀ ਨੂੰ ਜ਼ਹਿਰ ਦੇਣ ਦੇ ਇਕ ਬ੍ਰਿਟਿਸ਼ ਅਧਿਕਾਰੀ ਦੇ ਹੁਕਮ ਦੀ ਉਲੰਘਣਾ ਕਰਨ ਵਾਲੇ ਰਸੋਈਏ ਬਤਖ ਮੀਆਂ ਦੇ ਪੋਤੇ-ਪੋਤੀਆਂ ਨੂੰ ਅਜੇ ਵੀ ਉਸ ਪੂਰੀ ਜ਼ਮੀਨ ਦੀ ਉਡੀਕ ਹੈ, ਜਿਸ ਦਾ ਵਾਅਦਾ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੇ 1952 ’ਚ ਕੀਤਾ ਸੀ।

ਬਤਖ ਮੀਆਂ ਨੂੰ ਉਨ੍ਹਾਂ ਦੇ ਦੇਸ਼ਭਗਤੀ ਭਰੇ ਕੰਮਾਂ ਲਈ ਅੰਗਰੇਜ਼ਾਂ ਨੇ ਤਸੀਹੇ ਦਿਤੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਬੇਦਖ਼ਲ ਕਰ ਦਿਤਾ ਸੀ। 1957 ’ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਚੰਪਾਰਣ ਸੱਤਿਆਗ੍ਰਹਿ 1917 ’ਚ ਹੋਇਆ ਸੀ। ਉਦੋਂ ਮਹਾਤਮਾ ਗਾਂਧੀ ਨੇ ਨੀਲ ਕਿਸਾਨਾਂ ਦੀ ਭਿਆਨਕ ਸਥਿਤੀ ਬਾਰੇ ਜਾਣਨ ਲਈ ਅਣਵੰਡੇ ਚੰਪਾਰਣ ਜ਼ਿਲ੍ਹੇ ਦੇ ਤਤਕਾਲੀ ਮੁੱਖ ਦਫ਼ਤਰ ਮੋਤੀਹਾਰੀ ਦਾ ਦੌਰਾ ਕੀਤਾ ਸੀ।

ਨੀਲ ਬਗਾਨ ਦੇ ਬ੍ਰਿਟਿਸ਼ ਪ੍ਰਬੰਧਕ ਇਰਵਿਨ ਨੇ ਗਾਂਧੀ ਨੂੰ ਰਾਤ ਦੇ ਖਾਣੇ ਲਈ ਸੱਦਿਆ ਸੀ ਅਤੇ ਅਪਣੇ ਰਸੋਈਏ ਬਤਖ ਮੀਆਂ ਨੂੰ ਕਿਹਾ ਸੀ ਕਿ ਗਾਂਧੀ ਨੂੰ ਜ਼ਹਿਰ ਵਾਲਾ ਦੁੱਧ ਪਰੋਸਿਆ ਜਾਵੇ। ਬਤਖ ਮੀਆਂ ਨੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਸਾਜ਼ਸ਼ ਦਾ ਪਰਦਾਫ਼ਾਸ਼ ਕਰ ਦਿਤਾ, ਜਿਸ ਨਾਲ ਗਾਂਧੀ ਦੀ ਜਾਨ ਬਚ ਗਈ।

ਇਰਵਿਨ ਨੂੰ ਸਿਰਫ਼ ਉਨ੍ਹਾਂ ਦੇ ਪਹਿਲੇ ਨਾਂ ਤੋਂ ਜਾਣਿਆ ਜਾਂਦਾ ਹੈ। ਨੀਲ ਕਿਸਾਨਾਂ ਦਾ ਅੰਦੋਲਨ ‘ਚੰਪਾਰਣ ਸੱਤਿਆਗ੍ਰਹਿ’ ਭਾਰਤੀ ਆਜ਼ਾਦੀ ਸੰਗਰਾਮ ’ਚ ਇਕ ਇਤਿਹਾਸਕ ਘਟਨਾ ਬਣ ਗਿਆ ਅਤੇ ਅਖ਼ੀਰ ਅੰਗਰੇਜ਼ਾਂ ਨੂੰ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ ਸਨ। ਬਤਖ ਮੀਆਂ ਦੇ ਪੋਤੇ ਕਲਾਮ ਅੰਸਾਰੀ (60) ਨੇ ਪੀ.ਟੀ.ਆਈ. ਨੂੰ ਦਸਿਆ, ‘‘ਸਾਡੇ ਦਾਦਾ ਨੇ ਗਾਂਧੀ ਜੀ ਨੂੰ ਸਾਜ਼ਸ਼ ਬਾਰੇ ਸੂਚਿਤ ਕੀਤਾ ਸੀ।

ਪਰ ਉਨ੍ਹਾਂ ਨੇ ਅਪਣੀ ਇਸ ਦੇਸ਼ਭਗਤੀ ਦੀ ਭਾਰੀ ਕੀਮਤ ਚੁਕਾਉਣੀ ਪਈ। ਉਨ੍ਹਾਂ ਨੂੰ ਜੇਲ ’ਚ ਪਾ ਕੇ ਤਸੀਹੇ ਦਿਤੇ ਗਏ। ਉਨ੍ਹਾਂ ਨੂੰ ਉਨ੍ਹਾਂ ਦੇ ਘਰ ਅਤੇ ਫਿਰ ਪ੍ਰਵਾਰ ਸਮੇਤ ਪਿੰਡ ਤੋਂ ਬਾਹਰ ਕੱਢ ਦਿਤਾ ਗਿਆ।’’ ਉਨ੍ਹਾਂ ਕਿਹਾ, ‘‘ਪਰ ਅਜਿਹਾ ਲਗਦਾ ਹੈ ਕਿ ਲੋਕ ਮੇਰੇ ਪੂਰਵਜਾਂ ਦੀ ਕੁਰਬਾਨੀ ਭੁੱਲ ਗਏ ਹਨ। ਅਸੀਂ ਬਹੁਤ ਗ਼ਰੀਬੀ ’ਚ ਜੀ ਰਹੇ ਹਾਂ। ਤਤਕਾਲੀ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਵਲੋਂ ਕੀਤੇ ਵਾਅਦੇ ਅਜੇ ਤਕ ਪੂਰੇ ਨਹੀਂ ਹੋਏ।’’

ਜਦੋਂ ਰਜਿੰਦਰ ਪ੍ਰਸਾਦ ਨੂੰ 1950 ’ਚ ਬਤਖ ਮੀਆਂ ਅਤੇ ਉਨ੍ਹਾਂ ਦੇ ਪ੍ਰਵਾਰ ਨੂੰ ਦਿਤੀ ਗਈਆਂ ਤਕਲੀਫ਼ਾਂ ਬਾਰੇ ਦਸਿਆ ਗਿਆ ਤਾਂ ਉਨ੍ਹਾਂ ਨੇ ਤਿਰਹੂਤ ਦੇ ਤਤਕਾਲੀ ਕੁਲੈਕਟਰ ਨੂੰ ਹੁਕਮ ਦਿਤਾ ਸੀ ਕਿ ਬਤਖ ਮੀਆਂ ਅਤੇ ਉਨ੍ਹਾਂ ਦੇ ਪੁੱਤਰਾਂ ਰਾਸ਼ਿਦ ਅੰਸਾਰੀ, ਸ਼ੇਰ ਮੁਹੰਮਦ ਅੰਸਾਰੀ ਅਤੇ ਮੁਹੰਮਦ ਜਾਨ ਅੰਸਾਰੀ ਨੂੰ 50 ਏਕੜ ਜ਼ਮੀਨ ਦਿਤੀ ਜਾਵੇ। ਤਿਰਹੂਤ ’ਚ ਪੂਰਬੀ ਅਤੇ ਪਛਮੀ ਚੰਪਾਰਣ ਸਮੇਤ ਛੇ ਜ਼ਿਲ੍ਹੇ ਸ਼ਾਮਲ ਹਨ।’’

ਜ਼ਮੀਨ ਦੀ ਮੰਗ ਨੂੰ ਲੈ ਕੇ ਹੁਣ ਤਕ ਕਈ ਬਿਨੈ ਭੇਜ ਚੁੱਕੇ ਅੰਸਾਰੀ ਨੇ ਕਿਹਾ, ‘‘ਸਾਨੂੰ ਪਛਮੀ ਚੰਪਾਰਣ ਜ਼ਿਲ੍ਹੇ ਦੀ ਧਨੌਰਾ ਪੰਚਾਇਤ ਦੇ ਅਕਵਾ ਪਰਸਾਵਨੀ ਪਿੰਡ ’ਚ ਇੱਕ ਨਦੀ ਕੋਲ ਵਾਅਦੇ ਅਨੁਸਾਰ ਸਿਰਫ਼ ਛੇ ਏਕੜ ਜ਼ਮੀਨ ਮਿਲੀ। ਛੇ ਏਕੜ ਜ਼ਮੀਨ ’ਚੋਂ ਪੰਜ ਏਕੜ ਜ਼ਮੀਨ ਕਟਾਅ ਕਾਰਨ ਨਦੀ ’ਚ ਮਿਲ ਗਈ। ਅਸੀਂ ਸਰਕਾਰ ਤੋਂ ਜ਼ਿਲ੍ਹੇ ’ਚ ਸੁਰੱਖਿਅਤ ਸਥਾਨ ’ਤੇ ਕੁਝ ਜ਼ਮੀਨ ਸਾਨੂੰ ਵੰਡਣ ਦੀ ਅਪੀਲ ਕਰਦੇ ਹਾਂ।’’

ਪਛਮੀ ਚੰਪਾਰਣ ਦੇ ਜ਼ਿਲ੍ਹਾ ਅਧਿਕਾਰੀ ਦਿਨੇਸ਼ ਕੁਮਾਰ ਰਾਏ ਨੇ ਕਿਹਾ ਕਿ ਬਤਖ ਮੀਆਂ ਦੇ ਪ੍ਰਵਾਰ ਨੂੰ ਛੇ ਏਕੜ ਜ਼ਮੀਨ ਮੁਹਈਆ ਕਰਵਾਈ ਗਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਪ੍ਰਵਾਰ ਨਾਲ ਸਬੰਧਤ ਮੁੱਦਿਆਂ ’ਤੇ ਗੌਰ ਕਰੇਗਾ ਅਤੇ ਉਚਿਤ ਕਦਮ ਚੁੱਕੇਗਾ। ਸਿਕਟਾ ਵਿਧਾਨ ਸਭਾ ਖੇਤਰ ਦੇ ਭਾਕਪਾ ਮਾਲੇ ਵਿਧਾਇਕ ਬੀਰੇਂਦਰ ਪ੍ਰਸਾਦ ਗੁਪਤਾ ਨੇ ਕਿਹਾ, ‘‘ਸਰਕਾਰ ਨੇ ਮੋਤਹਰੀ ਚ ਮੋਤੀਝੀਲ ਕੋਲ ਇਕ ਬਤਖ ਮੀਆਂ ਸਮਾਰਕ ਅਜਾਇਬ ਘਰ ਅਤੇ ਲਾਇਬ੍ਰੇਰੀ ਬਣਾਈ ਹੈ, ਪਰ ਇਹ ਪੂਰੀ ਤਰ੍ਹਾਂ ਨਹੀਂ ਚਲ ਰਿਹਾ ਹੈ।

ਲਾਇਬ੍ਰੇਰੀ ’ਚ ਆਜ਼ਾਦੀ ਦੀ ਲੜਾਈ ਜਾਂ ਬਤਖ ਮੀਆਂ ਨਾਲ ਸਬੰਧਤ ਕਿਤਾਬਾਂ ਵੀ ਨਹੀਂ ਹਨ।’’ ਗੁਪਤਾ ਦੀ ਪਾਰਟੀ ਬਿਹਾਰ ਦੀ ਮਹਾਗਠਬੰਧਨ ਸਰਕਾਰ ਨੂੰ ਬਾਹਰ ਤੋਂ ਹਮਾਇਤ ਦੇ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਇਸ ਬਾਬਤ ਅਧਿਕਾਰੀਆਂ ਨੂੰ ਕਈ ਚਿੱਠੀਆਂ ਲਿਖੀਆਂ ਹਨ। ਲੋਕਾਂ ਨੂੰ ਉਸ ਵਿਅਕਤੀ ਬਾਰੇ ਜਾਣਨਾ ਚਾਹੀਦਾ ਹੈ ਜਿਸ ਨੇ ਗਾਂਧੀ ਨੂੰ ਬਚਾਇਆ ਸੀ।’’