ਗੋਡੇ ’ਤੇ ਸੱਟ ਲੱਗਣ ਕਾਰਨ ਵਿਨੇਸ਼ ਏਸ਼ੀਆਈ ਖੇਡਾਂ ਤੋਂ ਬਾਹਰ

ਏਜੰਸੀ

ਖ਼ਬਰਾਂ, ਖੇਡਾਂ

ਅੰਤਿਮ ਪੰਘਾਲ ਦਾ ਰਸਤਾ ਸਾਫ਼

Vinesh Phogat

ਨਵੀਂ ਦਿੱਲੀ: ਏਸ਼ੀਆਈ ਖੇਡਾਂ ’ਚ ਸਿੱਧਾ ਦਾਖ਼ਲਾ ਪਾਉਣ ਵਾਲੀ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਗੋਡੇ ’ਚ ਸੱਟ ਲੱਗਣ ਕਾਰਨ ਹਾਂਗਝੋਊ ’ਚ ਹੋਣ ਵਾਲੀਆਂ ਇਨ੍ਹਾਂ ਮਹਾਂਦੀਪੀ ਖੇਡਾਂ ’ਚ ਹਿੱਸਾ ਨਹੀਂ ਲੈ ਸਕੇਗੀ, ਜਿਸ ਨਾਲ ਰੀਜ਼ਰਵ ਖਿਡਾਰੀ ਅੰਤਿਮ ਪੰਘਾਲ ਦਾ ਟੀਮ ’ਚ ਸ਼ਾਮਲ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। 

ਵਿਨੇਸ਼ ਅਤੇ ਬਜਰੰਗ ਪੂਨੀਆ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਸ ’ਚ ਛੋਟ ਦੇਣ ਕਾਰਨ ਵਿਵਾਦ ਪੈਦਾ ਹੋ ਗਿਆ ਸੀ ਅਤੇ ਕੁਸ਼ਤੀ ਭਾਈਚਾਰੇ ਨੇ ਐਡ-ਹਾਕ ਪੈਨਲ ਦੇ ਇਸ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਸੀ। 

ਜਕਾਰਤਾ ਏਸ਼ੀਆਈ ਖੇਡਾਂ ’ਚ ਸੋਨੇ ਦਾ ਤਮਗਾ ਜਿੱਤਣ ਵਾਲੀ ਵਿਨੇਸ਼ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਅਪਣੀ ਸੱਟ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 13 ਅਗੱਸਤ ਨੂੰ ਉਸ ਦੇ ਖੱਬੇ ਗੋਡੇ ’ਚ ਸੱਟ ਲੱਗ ਗਈ ਅਤੇ 17 ਅਗੱਸਤ ਨੂੰ ਮੁੰਬਈ ’ਚ ਉਸ ਦਾ ਆਪਰੇਸ਼ਨ ਕੀਤਾ ਜਾਵੇਗਾ। 

ਇਸ ਦਾ ਮਤਲਬ ਹੈ ਕਿ ਉਹ ਅਗਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ’ਚ ਵੀ ਹਿੱਸਾ ਨਹੀਂ ਲੈ ਸਕੇਗੀ ਜੋ ਕਿ ਓਲੰਪਿਕ ਲਈ ਕੁਆਲੀਫ਼ਾਇੰਗ ਮੁਕਾਬਲਾ ਵੀ ਹੈ। ਵਿਸ਼ਵ ਚੈਂਪੀਅਨਸ਼ਿਪ ਲਈ ਟਰਾਇਲ 25 ਅਤੇ 26 ਅਗੱਸਤ ਨੂੰ ਪਟਿਆਲਾ ’ਚ ਹੋਣਗੇ। 

ਵਿਨੇਸ਼ ਨੇ ਕਿਹਾ, ‘‘ਮੈਂ ਜਕਾਰਤਾ ’ਚ 2018 ’ਚ ਭਾਰਤ ਲਈ ਏਸ਼ੀਆਈ ਖੇਡਾਂ ’ਚ ਜੋ ਸੋਨੇ ਦਾ ਤਮਗਾ ਜਿੱਤਿਆ ਸੀ, ਮੇਰਾ ਸੁਪਨਾ ਉਸ ਨੂੰ ਮੁੜ ਜਿੱਤਣ ਦਾ ਸੀ ਪਰ ਬਦਕਿਸਮਤੀ ਨਾਲ ਇਸ ਸੱਟ ਕਾਰਨ ਮੈਂ ਹੁਣ ਇਨ੍ਹਾਂ ਖੇਡਾਂ ’ਚ ਹਿੱਸਾ ਨਹੀਂ ਲੈ ਸਕਾਂਗੀ।’’

ਪੰਘਾਲ ਅਤੇ ਸੁਜੀਤ ਕਲਕਲ ਨੇ ਵਿਨੇਸ਼ ਅਤੇ ਬਜਰੰਗ ਨੂੰ ਦਿਤੇ ਸਿੱਧੇ ਦਾਖ਼ਲੇ ਨੂੰ ਅਦਾਲਤ ’ਚ ਚੁਨੌਤੀ ਦਿਤੀ ਸੀ ਪਰ ਹਾਈ ਕੋਰਟ ਨੇ ਉਨ੍ਹਾਂ ਦੀ ਅਪੀਲ ਖ਼ਾਰਜ ਕਰ ਦਿਤੀ ਸੀ। 

ਪੰਘਾਲ ਨੇ ਟਰਾਇਲਸ ’ਚ ਔਰਤਾਂ ਦੇ 53 ਕਿੱਲੋਗ੍ਰਾਮ ਭਾਰ ਵਰਗ ’ਚ ਜਦਕਿ ਵਿਸ਼ਾਲ ਕਾਲੀਰਮਣ ਨੇ ਮਰਦਾਂ ਦੇ 65 ਕਿੱਲੋਗ੍ਰਾਮ ਭਾਤਰ ਵਰਗ ’ਚ ਜਿੱਤ ਦਰਜ ਕੀਤੀ ਸੀ ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਖੇਡਾਂ ਲਈ ਰਿਜ਼ਰਵ ਖਿਡਾਰੀਆਂ ਦੀ ਸੂਚੀ ’ਚ ਰਖਿਆ ਗਿਆ ਸੀ। 

ਹਰਿਆਣਾ ਦੇ ਸਿਸਾਈ ਪਿੰਡ ’ਚ ਹੋਈ ਖਾਪ ਪੰਚਾਇਤ ਨੇ ਵੀ ਪੰਘਾਲ ਅਤੇ ਕਾਲੀਰਮਣ ਨੂੰ ਟੀਮ ’ਚ ਸ਼ਾਮਲ ਕਰਨ ਦਾ ਪੱਖ ਲਿਆ ਸੀ। ਵਿਨੇਸ਼ ਨੇ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿਤਾ ਹੈ ਤਾਕਿ ਰਿਜ਼ਰਵ ਖਿਡਾਰੀਆਂ ਨੂੰ ਏਸ਼ੀਆਈ ਖੇਡਾ ਲਈ ਭੇਜਿਆ ਜਾ ਸਕੇ।