Humayun 's Tomb : ਹੁਮਾਯੂੰ ਦੇ ਮਕਬਰੇ ਨੇੜੇ ਦਰਗਾਹ ਦੀ ਕੰਧ ਡਿੱਗਣ ਨਾਲ 5 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

16ਵੀਂ ਸਦੀ ਦੇ ਸਮਾਰਕ 'ਚ ਲਗਿਆ ਰਹਿੰਦਾ ਹੈ ਸੈਲਾਨੀਆਂ ਦਾ ਆਉਣਾ-ਜਾਣਾ

New Delhi: Police, fire and rescue personnel during a rescue operation after a portion of Humanyun's Tomb collapsed, at Nizamuddin area, in New Delhi, Friday, Aug. 15, 2025. (PTI Photo/Karma Bhutia)

Humayun Tomb News : ਨਵੀਂ ਦਿੱਲੀ : ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ’ਚ ਹੁਮਾਯੂੰ ਦੇ ਮਕਬਰੇ ਨੇੜੇ ਸ਼ੁਕਰਵਾਰ  ਸ਼ਾਮ ਨੂੰ ਇਕ ਦਰਗਾਹ ਦੀ ਕੰਧ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ  ਕਿ ਕੁਲ  9 ਜ਼ਖਮੀਆਂ ਨੂੰ ਏਮਜ਼ ਟਰਾਮਾ ਸੈਂਟਰ ਭੇਜਿਆ ਗਿਆ ਹੈ ਅਤੇ ਇਕ ਨੂੰ ਐਲ.ਐਨ.ਜੇ.ਪੀ. ਹਸਪਤਾਲ ਲਿਜਾਇਆ ਗਿਆ ਹੈ। 

ਸੰਯੁਕਤ ਪੁਲਿਸ ਕਮਿਸ਼ਨਰ ਸੰਜੇ ਕੁਮਾਰ ਜੈਨ ਨੇ ਪੱਤਰਕਾਰਾਂ ਨੂੰ ਦਸਿਆ, ‘‘ਹੁਣ ਤਕ  ਸਾਨੂੰ ਪਤਾ ਲੱਗਾ ਹੈ ਕਿ ਏਮਜ਼ ਦੇ ਟਰਾਮਾ ਸੈਂਟਰ ’ਚ ਇਲਾਜ ਅਧੀਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਾਕੀਆਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਅਸੀਂ ਇਲਾਕੇ ਦੀ ਘੇਰਾਬੰਦੀ ਕਰ ਦਿਤੀ  ਹੈ।’’ ਉਨ੍ਹਾਂ ਕਿਹਾ ਕਿ ਲੋਕ ਸ਼ੁਕਰਵਾਰ  ਦੀ ਨਮਾਜ਼ ਲਈ ਦਰਗਾਹ ਜਾ ਰਹੇ ਸਨ ਅਤੇ ਮੀਂਹ ਕਾਰਨ ਕਮਰੇ ਦੇ ਅੰਦਰ ਬੈਠੇ ਸਨ ਜਦੋਂ ਇਹ ਘਟਨਾ ਵਾਪਰੀ। 

ਪੁਲਿਸ ਨੇ ਦਸਿਆ  ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ ਅਤੇ ਦੁਪਹਿਰ 3:55 ਵਜੇ ਘਟਨਾ ਬਾਰੇ ਫੋਨ ਆਉਣ ਤੋਂ ਬਾਅਦ ਮਲਬੇ ’ਚੋਂ ਕੁਲ  10 ਤੋਂ 12 ਪੀੜਤਾਂ ਨੂੰ ਬਚਾਇਆ ਗਿਆ। ਘਟਨਾ ਤੋਂ ਬਾਅਦ ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.), ਦਿੱਲੀ ਪੁਲਿਸ, ਐਨ.ਡੀ.ਆਰ.ਐਫ. ਅਤੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.) ਸਮੇਤ ਕਈ ਬਚਾਅ ਏਜੰਸੀਆਂ ਨੂੰ ਸੇਵਾ ਵਿਚ ਲਗਾਇਆ ਗਿਆ ਸੀ। 

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ  ਕਿ ਐਨ.ਡੀ.ਆਰ.ਐਫ. ਵੀ ਬਚਾਅ ਕਾਰਜਾਂ ਵਿਚ ਸ਼ਾਮਲ ਹੋ ਗਈ ਹੈ।   ਉਨ੍ਹਾਂ ਕਿਹਾ ਕਿ ਸਟੇਸ਼ਨ ਹਾਊਸ ਅਫਸਰ ਅਤੇ ਸਥਾਨਕ ਸਟਾਫ ਪੰਜ ਮਿੰਟ ਦੇ ਅੰਦਰ ਉੱਥੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤਾ। ਕੁੱਝ  ਦੇਰ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਕੈਟਸ ਐਂਬੂਲੈਂਸ ਵੀ ਮੌਕੇ ਉਤੇ  ਪਹੁੰਚ ਗਈ। 

ਡੀ.ਐਫ.ਐਸ. ਦੇ ਇਕ  ਸੀਨੀਅਰ ਅਧਿਕਾਰੀ ਨੇ ਸ਼ੁਰੂ ਵਿਚ ਕਿਹਾ ਸੀ ਕਿ ਕਬਰ ਉਤੇ  ਗੁੰਬਦ ਦਾ ਇਕ  ਹਿੱਸਾ ਡਿੱਗਣ ਬਾਰੇ ਇਕ  ਫੋਨ ਆਇਆ ਸੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਤੁਰਤ  ਮੌਕੇ ਉਤੇ  ਪਹੁੰਚੀਆਂ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਵਿਚ 16ਵੀਂ ਸਦੀ ਦੀ ਯਾਦਗਾਰ ਦਾ ਮੁੱਖ ਗੁੰਬਦ ਸ਼ਾਮਲ ਨਹੀਂ ਸੀ, ਬਲਕਿ ਇਸ ਦੇ ਕੰਪਲੈਕਸ ਵਿਚ ਇਕ ਛੋਟਾ ਕਮਰਾ ਸੀ। 

ਇਕ ਮਹਿਲਾ ਚਸ਼ਮਦੀਦ ਨੇ ਕਿਹਾ, ‘‘ਮੈਂ ਬਾਹਰ ਖੜੀ ਸੀ ਅਤੇ ਕਮਰੇ ਵਿਚ ਦਾਖਲ ਹੋਣ ਵਾਲੀ ਸੀ ਅਤੇ ਉਸ ਤੋਂ ਸਿਰਫ ਦੋ ਕਦਮ ਦੀ ਦੂਰੀ ਉਤੇ  ਸੀ। ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ, ਹਰ ਕੋਈ ਪਨਾਹ ਲੈਣ ਲਈ ਅੰਦਰ ਚਲਾ ਗਿਆ। ਤਦ ਹੀ ਕੰਧ ਢਹਿ ਗਈ। ਉਸ ਤੋਂ ਬਾਅਦ, ਮੈਂ ਮਦਦ ਲਈ ਚੀਕਣਾ ਸ਼ੁਰੂ ਕਰ ਦਿਤਾ, ਪਰ ਆਲੇ ਦੁਆਲੇ ਕੋਈ ਨਹੀਂ ਸੀ। ਮੈਂ ਚੀਕਦੀ ਰਹੀ ਅਤੇ ਫਿਰ ਆਸ ਪਾਸ ਦੇ ਕੁੱਝ  ਲੋਕ ਆਏ ਅਤੇ ਅੰਦਰ ਫਸੇ ਸਾਰੇ ਲੋਕਾਂ ਨੂੰ ਬਚਾਉਣ ਵਿਚ ਸਾਡੀ ਮਦਦ ਕੀਤੀ।’’

ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਹੁਮਾਯੂੰ ਦਾ ਮਕਬਰਾ ਕੌਮੀ  ਰਾਜਧਾਨੀ ਵਿਚ ਸੈਲਾਨੀਆਂ ਦਾ ਇਕ  ਪ੍ਰਮੁੱਖ ਆਕਰਸ਼ਣ ਹੈ ਅਤੇ ਰੋਜ਼ਾਨਾ ਸੈਂਕੜੇ ਘਰੇਲੂ ਅਤੇ ਵਿਦੇਸ਼ੀ ਸੈਲਾਨੀ ਇੱਥੇ ਆਉਂਦੇ ਹਨ। ਹੁਮਾਯੂੰ ਮਕਬਰੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।