ਦਿੱਲੀ : ਪਾਰਕਿੰਗ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਉਤੇ ‘ਕਿਰਪਾਨ’ ਨਾਲ ਹਮਲਾ, ਪੰਜਾਬੀ ਸਮੇਤ ਦੋ ਗ੍ਰਿਫ਼ਤਾਰ
ਤੀਜੇ ਮੁਲਜ਼ਮ ਨੂੰ ਲੱਭਣ ਅਤੇ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ
ਨਵੀਂ ਦਿੱਲੀ : ਦਿੱਲੀ ਦੇ ਜੰਤਰ-ਮੰਤਰ ਉਤੇ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਗੁੱਸੇ ’ਚ ਆ ਕੇ ਤਿੰਨ ਵਿਅਕਤੀਆਂ ਨੇ ਇਕ ਵਿਅਕਤੀ ਉਤੇ ਕਥਿਤ ਤੌਰ ’ਤੇ ਕਿਰਪਾਨ ਨਾਲ ਹਮਲਾ ਕਰ ਦਿਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋ ਮੁਲਜ਼ਮਾਂ, ਸ਼ਾਹਦਰਾ ਵਾਸੀ ਗੌਰਵ ਸ਼ਰਮਾ ਅਤੇ ਪੰਜਾਬ ਤੋਂ ਆਏ ਹਰਦੀਪ ਸਿੰਘ ਨੂੰ 6 ਅਗੱਸਤ ਨੂੰ ਘਟਨਾ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਤੀਜਾ ਮੁਲਜ਼ਮ ਫਰਾਰ ਹੈ।
ਪੁਲਿਸ ਅਨੁਸਾਰ ਤਿੰਨਾਂ ਵਿਅਕਤੀਆਂ ਨੇ ਰਾਕੇਸ਼ (40) ਉਤੇ ਕਥਿਤ ਤੌਰ ਉਤੇ ਹਮਲਾ ਕੀਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹਮਲੇ ਤੋਂ ਤੁਰਤ ਬਾਅਦ ਤਿੰਨੋਂ ਮੌਕੇ ਤੋਂ ਫਰਾਰ ਹੋ ਗਏ। ਰਾਹਗੀਰਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਜ਼ਖਮੀ ਵਿਅਕਤੀ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਪੀੜਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਅਧਿਕਾਰੀ ਨੇ ਦਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ਉਤੇ ਸੰਸਦ ਸਟਰੀਟ ਥਾਣੇ ’ਚ ਬੀ.ਐੱਨ.ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਤੀਜੇ ਮੁਲਜ਼ਮ ਨੂੰ ਲੱਭਣ ਅਤੇ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਤਿੰਨਾਂ ਵਿਅਕਤੀਆਂ ਨੇ ਕਥਿਤ ਤੌਰ ਉਤੇ ਡਰਾਈਵਰ ਨੂੰ ਅਪਣੀ ਕਾਰ ਸੜਕ ਤੋਂ ਹਟਾਉਣ ਲਈ ਕਿਹਾ, ਜੋ ਜਲਦੀ ਹੀ ਹਿੰਸਕ ਟਕਰਾਅ ਵਿਚ ਬਦਲ ਗਿਆ।