Independence Day: ਗਲਿਉਂ ਟੁੱਟੇ ਗੀਤ ਫਿਰ ਤ੍ਰਕਲਿਉਂ ਟੁੱਟੀ ਤੰਦ : ਆਜ਼ਾਦੀ ਦੇ ਜਸ਼ਨ ਤੇ ਪੰਜਾਬੀਆਂ ਦੇ ਹੌਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

   Independence Day: ਲੱਖਾਂ ਕਤਲ, ਹਜ਼ਾਰਾਂ-ਹਜ਼ਾਰ ਔਰਤਾਂ ਦੀ ਬੇਪਤੀ, ਕਰੋੜਾਂ ਲੋਕਾਂ ਦਾ ਉਜਾੜਾ

Independence Day News in punjabi

Independence Day News in punjabi : ਭਾਰਤ ਆਜ਼ਾਦ ਹੋਣ ਲਈ ਕਰਵਟ ਲੈ ਰਿਹਾ ਸੀ। ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟਣ ਜਾ ਰਹੀਆਂ ਸਨ। ਬਿ੍ਰਟਿਸ਼ ਹਕੂਮਤ ਅਪਣਾ ਲਾਮ-ਲਸ਼ਕਰ ਸਮੇਟ ਕੇ ਵਤਨ ਵਾਪਸ ਜਾ ਰਹੀ ਸੀ। ਜਦੋਂ ਇਤਿਹਾਸ ਦੇ ਪੰਨਿਆਂ ’ਤੇ ਆਜ਼ਾਦੀ ਦੀ ਇਬਾਰਤ ਲਿਖੀ ਜਾ ਰਹੀ ਸੀ, ਤਾਂ ਧਰਮ ਦੇ ਆਧਾਰ ’ਤੇ ਦੇਸ਼ ਦੀ ਵੰਡ ਵੀ ਬੁਣੀ ਜਾ ਚੁਕੀ ਸੀ। ਉਹ ਆਜ਼ਾਦੀ ਪਰਵਾਨੇ ਜਿਨ੍ਹਾਂ ਨੇ ਬਿ੍ਰਟਿਸ਼ ਹਕੂਮਤ ਨੂੰ ਹਰਾਉਣ ਲਈ ਸਾਂਝਾ ਸੰਘਰਸ਼ ਲੜਿਆ ਸੀ, ਉਹ ਵੀ ਦੋ ਹਿੱਸਿਆਂ ਵਿਚ ਵੰਡੇ ਗਏ। ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਮੁਲਕ ਬਣ ਗਏ। ਗ਼ਮ ਅਤੇ ਖ਼ੁਸ਼ੀ ਦੇ ਰਲੇ-ਮਿਲੇ ਅਹਿਸਾਸਾਂ ਵਿਚ ਦੋਹਾਂ ਮੁਲਕਾਂ ਵਿਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ। ਵਰਿ੍ਹਆਂ ਦੀ ਗ਼ੁਲਾਮੀ ਤੋਂ ਬਾਅਦ ਆਜ਼ਾਦੀ ਮਿਲੀ ਸੀ। ਹਜ਼ਾਰਾਂ ਕੁਰਬਾਨੀਆਂ ਮਗਰੋਂ ਲੋਕ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਣ ਜਾ ਰਹੇ ਸਨ।

ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਜਿਥੇ ਪੰਜਾਬੀਆਂ ਨੇ ਆਜ਼ਾਦੀ ਸੰਘਰਸ਼ ਵਿਚ ਵੱਡਾ ਯੋਗਦਾਨ ਪਾਇਆ, ਉਥੇ ਤਸੀਹੇ, ਕਾਲੇ ਪਾਣੀ ਦੀਆਂ ਸਜ਼ਾਵਾਂ ਤੇ ਬੇਸ਼ੁਮਾਰ ਕੁਰਬਾਨੀਆਂ ਵੀ ਪੰਜਾਬੀਆਂ ਦੇ ਹਿੱਸੇ ਆਈਆਂ। ਬਿ੍ਰਟਿਸ਼ ਹਕੂਮਤ ਨੇ ਜਾਂਦਿਆਂ-ਜਾਂਦਿਆਂ ਨਾ ਸਿਰਫ਼ ਮੁਲਕ ਨੂੰ ਦੋ ਹਿੱਸਿਆਂ ਵਿਚ ਵੰਡਿਆ, ਬਲਕਿ ਪੰਜਾਬ ਨੂੰ ਵੀ ਅਣਕਿਆਸੇ ਟੋਟੇ ਕਰ ਕੇ ਹਮੇਸ਼ਾਂ ਲਈ ਗਹਿਰੇ ਜ਼ਖ਼ਮ ਦੇ ਦਿਤੇ। ਭਾਵੇਂ ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ, ਰਾਤੋਂ-ਰਾਤ ਸਾਂਝੇ ਚੁੱਲ੍ਹੇ ਦਾ ਨਿੱਘ ਭਿਆਨਕ ਭਾਂਬੜ ਵਿਚ ਬਦਲ ਗਿਆ ਅਤੇ ਸਭ ਕੁਝ ਸਵਾਹ ਹੋ ਗਿਆ। ਹਾਲਾਂਕਿ ਆਜ਼ਾਦੀ ਦੇ 77 ਵਰਿ੍ਹਆਂ ਬਾਅਦ ਵੀ ਅੰਕੜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ, ਪਰ ਵੱਖ-ਵੱਖ ਅੰਦਾਜ਼ਿਆਂ ਮੁਤਾਬਕ 15 ਤੋਂ 20 ਲੱਖ ਲੋਕ ਕਤਲੇਆਮ ਦਾ ਸ਼ਿਕਾਰ ਹੋਏ।

ਡੇਢ ਕਰੋੜ ਦੇ ਕਰੀਬ ਲੋਕ ਬੇਘਰ ਹੋ ਗਏ। ਕੋਈ ਮਹਿਲ-ਮੁਨਾਰੇ ਛੱਡ ਕੇ ਸੜਕਾਂ ’ਤੇ ਆ ਗਿਆ ਤੇ ਕੋਈ ਸੱਭ ਕੁੱਝ ਹੀ ਗਵਾ ਬੈਠਾ। ਇਸ ਵੰਡ ਵਿਚ ਧਰਮ ਦੀ ਭੂਮਿਕਾ ਸੱਭ ਤੋਂ ਵੱਡੀ ਸੀ। ਭਾਰਤੀ ਉਪ ਮਹਾਂਦੀਪ ਵਿਚ ਧਰਮ ਨੂੰ ਆਧਾਰ ਬਣਾ ਕੇ ਵੰਡ ਕੀਤੀ ਗਈ, ਜਿਸ ਨੇ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰਿਆਂ ਨੂੰ ਆਹਮੋ-ਸਾਹਮਣੇ ਖੜਾ ਕਰ ਦਿਤਾ। ਮੁਹੰਮਦ ਅਲੀ ਜਿੰਨਾਹ ਵਲੋਂ ਪੇਸ਼ ਕੀਤੀ ਗਈ ਦੋ-ਕੌਮੀ ਥਿਊਰੀ ਨੇ ਮੁਸਲਮਾਨਾਂ ਨੂੰ ਵਖਰਾ ਮੁਲਕ ਮੰਗਣ ਲਈ ਪ੍ਰੇਰਤ ਕੀਤਾ, ਜਦਕਿ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਵਰਗੇ ਆਗੂ ਅਖੰਡ ਭਾਰਤ ਦੇ ਹੱਕ ਵਿਚ ਸਨ। ਪੰਜਾਬ ਵਿਚ ਧਾਰਮਕ ਮਿਸ਼ਰਤ ਆਬਾਦੀ ਕਾਰਨ ਹਿੰਸਾ ਸੱਭ ਤੋਂ ਵਧ ਹੋਈ। 

ਵੱਖ-ਵੱਖ ਇਤਿਹਾਸਕ ਸਰੋਤਾਂ ਮੁਤਾਬਕ, ਵੰਡ ਨਾਲ ਹੋਈ ਹਿੰਸਾ ਵਿਚ ਮੌਤਾਂ ਦੀ ਗਿਣਤੀ 2 ਲੱਖ ਤੋਂ ਲੈ ਕੇ 20 ਲੱਖ ਤਕ ਅੰਦਾਜ਼ੀ ਜਾਂਦੀ ਹੈ। ਉਂਝ ਜ਼ਿਆਦਾਤਰ ਵਿਦਵਾਨ 10 ਲੱਖ ਮੌਤਾਂ ਮੰਨਦੇ ਹਨ। ਔਰਤਾਂ ’ਤੇ ਹਿੰਸਾ ਧਾਰਮਕ ਵੰਡ ਦਾ ਸੱਭ ਤੋਂ ਭਿਆਨਕ ਰੂਪ ਸੀ। ਅੰਕੜਿਆਂ ਮੁਤਾਬਕ 75 ਹਜ਼ਾਰ ਤੋਂ 1 ਲੱਖ ਔਰਤਾਂ ਨੂੰ ਅਗ਼ਵਾ ਕਰ ਕੇ ਬਲਾਤਕਾਰ ਕੀਤਾ ਗਿਆ। ਰਿਕਵਰੀ ਕਾਰਜਾਂ ਵਿਚ 1947 ਤੋਂ 1954 ਤਕ ਭਾਰਤ ਤੋਂ 20,728 ਮੁਸਲਿਮ ਔਰਤਾਂ ਅਤੇ ਪਾਕਿਸਤਾਨ ਤੋਂ 9,032 ਹਿੰਦੂ-ਸਿੱਖ ਔਰਤਾਂ ਨੂੰ ਵਾਪਸ ਲਿਆਂਦਾ ਗਿਆ। ਬਹੁਤੀਆਂ ਔਰਤਾਂ ਨੇ ਵਾਪਸ ਨਾ ਜਾਣ ਨੂੰ ਤਰਜੀਹ ਦਿਤੀ, ਕਿਉਂਕਿ ਪਰਵਾਰਾਂ ਵਲੋਂ ਸ਼ਰਮ ਕਾਰਨ ਰੱਦ ਕੀਤੇ ਜਾਣ ਦਾ ਡਰ ਸੀ। 

ਇਸ ਵੰਡ ਨੇ ਪੰਜਾਬ ਨੂੰ ਧਾਰਮਕ ਤੌਰ ’ਤੇ ਵੰਡ ਦਿਤਾ। ਚੜ੍ਹਦੇ ਪੰਜਾਬ ਵਿਚ ਮੁਸਲਮਾਨਾਂ ਦੀ ਆਬਾਦੀ ਘੱਟ ਗਈ, ਜਦਕਿ ਲਹਿੰਦੇ ਪੰਜਾਬ ਵਿਚ ਹਿੰਦੂ-ਸਿੱਖ ਲਗਭਗ ਖ਼ਤਮ ਹੋ ਗਏ। ਲੰਬੇ ਸਮੇਂ ਤਕ ਪ੍ਰਭਾਵ ਵਜੋਂ ਰਿਫ਼ਿਊਜੀ ਕੈਂਪ ਬਣੇ, ਆਰਥਕ ਨੁਕਸਾਨ ਹੋਇਆ ਅਤੇ ਧਾਰਮਕ ਵੈਰ ਵਧਿਆ। ਅੱਜ ਵੀ ਆਜ਼ਾਦੀ ਦੇ ਜਸ਼ਨ ਹਵਾ ਵਿਚ ਤੈਰ ਰਹੇ ਹਨ, ਪਰ ਅੰਮ੍ਰਿਤਾ ਪ੍ਰੀਤਮ ਦੀ ਨਜ਼ਮ ਪੰਜਾਬੀਆਂ ਦੇ ਦੁੱਖ ਨੂੰ ਬਿਆਨ ਕਰ ਰਹੀ ਹੈ :-
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ..
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ..
ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ।

ਚੰਡੀਗੜ੍ਹ ਤੋਂ ਕਮਲ ਦੁਸਾਂਝ ਦੀ ਰਿਪੋਰਟ