ਡੋਵਾਲ ਵਲੋਂ ਭਾਰਤ-ਅਮਰੀਕਾ ਸਬੰਧਾਂ ਦੇ ਭਵਿੱਖ 'ਤੇ ਪਾਂਪਿਓ ਤੇ ਮੈਟਿਸ ਨਾਲ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸੁਰੱਖਿਆ ਸਲਾਹਕਰ ਅਜੀਤ ਡੋਵਾਲ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪਾਂਪਿਓ, ਰੱਖਿਆ ਮੰਤਰੀ ਜੇਮਸ ਮੈਟਿਸ ਅਤੇ ਅਪਣੇ ਹਮਰੁਤਬਾ ਜਾਨ ...

Ajit Doval and Mike Pompeo

ਨਵੀਂ ਦਿੱਲੀ : ਰਾਸ਼ਟਰੀ ਸੁਰੱਖਿਆ ਸਲਾਹਕਰ ਅਜੀਤ ਡੋਵਾਲ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪਾਂਪਿਓ, ਰੱਖਿਆ ਮੰਤਰੀ ਜੇਮਸ ਮੈਟਿਸ ਅਤੇ ਅਪਣੇ ਹਮਰੁਤਬਾ ਜਾਨ ਬੋਲਟ ਦੇ ਨਾਲ ਭਾਰਤ ਅਮਰੀਕਾ ਵਧੀਆ ਸਬੰਧਾਂ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ 'ਤੇ ਵਿਆਪਕ ਗੱਲਬਾਤ ਕੀਤੀ। ਟਰੰਪ ਪ੍ਰਸ਼ਾਸਨ ਦੇ ਤਿੰਨ ਉਚ ਅਧਿਕਾਰੀਆਂ ਦੇ ਨਾਲ ਡੋਵਾਲ ਦੀ ਇਹ ਬੈਠਕ ਇਕ ਹਫ਼ਤਾ ਪਹਿਲਾਂ ਦੋਵੇਂ ਦੇਸ਼ਾਂ ਦੇ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀਆਂ ਦੇ ਵਿਚਕਾਰ ਸਫ਼ਲ ਰਹੀ ਟੁ ਪਲੱਸ ਟੁ ਵਾਰਤਾ ਤੋਂ ਬਾਅਦ ਹੋਈ ਹੈ।  

ਇਹ ਡੋਵਾਲ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਲਟਨ ਦੇ ਨਾਲ ਪਹਿਲੀ ਮੁਲਾਕਾਤ ਹੈ। ਡੋਵਾਲ ਪਿਛਲੇ ਹਫ਼ਤੇ ਨਵੀਂ ਦਿੱਲੀ ਪਾਂਪਿਓ ਅਤੇ ਮੈਟਿਸ ਨੂੰ ਮਿਲੇ ਸਨ। ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਏਜੰਸੀ ਨੇ ਕਿਹਾ ਕਿ ਤਿੰਨ ਲਗਾਤਾਰ ਹੋਈਆਂ ਬੈਠਕਾਂ ਦੌਰਾਨ ਡੋਵਾਲ ਨੂੰ ਇਹ ਟੂ ਪਲੱਸ ਟੂ ਤੋਂ ਬਾਅਦ ਆਪਸੀ ਸਬੰਧਾਂ ਦੀ ਸਮੀਖਿਆ ਕਰਨ ਦਾ ਵਧੀਆ ਮੌਕਾ ਮਿਲਿਆ। ਉਨ੍ਹਾਂ ਨੇ ਪਿਛਲੇ ਹਫ਼ਤੇ ਨਵੀਂ ਦਿੱਲੀ ਵਿਚ ਹੋਈ ਚਰਚਾ 'ਤੇ ਵੀ ਗੱਲਬਾਤ ਕੀਤੀ। 

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਇਨ੍ਹਾਂ ਸਾਰੀਆਂ ਬੈਠਕਾਂ ਦੌਰਾਨ ਡੋਵਾਲ ਦੇ ਨਾਲ ਇਕੱਠੇ ਰਹੇ। ਸੂਤਰਾਂ ਨੇ ਇਸ ਨੂੰ ਬੇਹੱਦ ਵਿਆਪਕ ਚਰਚਾ ਦੱਸਦੇ ਹੋਏ ਕਿਹਾ ਕਿ ਡੋਵਾਲ ਅਤੇ ਟਰੰਪ ਪ੍ਰਸ਼ਾਸਨ ਦੇ ਤਿੰਨ ਉਚ  ਅਧਿਕਾਰੀਆਂ ਨੇ ਦੋਵੇਂ ਦੇਸ਼ਾਂ ਦੇ ਆਪਸੀ ਚੰਗੇ ਸਬੰਧਾਂ ਦੇ ਭਵਿੱਖ ਦੀ ਦਿਸ਼ਾ ਬਾਰੇ ਗੱਲਬਾਤ ਕੀਤੀ ਅਤੇ ਸਹਿਯੋਗ ਦੇ ਖੇਤਰਾਂ ਦੀ ਪਹਿਚਾਣ ਕੀਤੀ। ਉਨ੍ਹਾਂ ਨੇ ਦਸਿਆ ਕਿ ਖੇਤਰ ਅਤੇ ਵਿਗਿਆਨਕ ਮੁੱਦੇ 'ਤੇ ਵੀ ਇਸ ਦੌਰਾਨ ਗੱਲਬਾਤ ਕੀਤੀ ਗਈ।

ਭਾਰਤ ਵਿਚ ਅਮਰੀਕਾ ਦੇ ਰਾਜਦੂਤ ਕੇਨ ਜਸਟਰ ਨੇ ਇਕ ਟਵੀਟ ਕਰਕੇ ਕਿਹਾ ਕਿ ਪਿਛਲੇ ਹਫ਼ਤੇ ਹੋਈ ਟੂ ਪਲੱਸ ਟੂ ਵਾਰਤਾ ਨੇ ਦੋਵੇਂ ਦੇਸ਼ਾਂ ਵਿਚਕਾਰ ਮਿੱਤਰਤਾ ਕਾਇਮ ਕੀਤੀ। ਉਨ੍ਹਾਂ ਨੇ ਦਸਿਆ ਕੇ ਭਾਰਤ ਅਤੇ ਅਮਰੀਕਾ ਦੀ ਦੋਸਤੀ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਰਹੀ ਹੈ। ਅਮਰੀਕਾ ਕੂਟਨੀਤਕ ਅਤੇ ਸਾਂਝੇਦਾਰੀ ਫਾਰਮ ਨੇ ਕਿਹਾ ਕਿ ਅਸੀਂ ਟੂ ਪਲੱਸ ਟੂ ਵਾਰਤਾ ਦੇ ਨਾਲ ਪਿਛਲੇ ਕੁੱਝ ਹਫ਼ਤਿਆਂ ਵਿਚ ਅਮਰੀਕਾ-ਭਾਰਤ ਸਬੰਧਾਂ ਵਿਚ ਅਹਿਮ ਭੂਮਿਕਾ ਦੇਖੀ ਅਤੇ ਡੋਵਾਲ ਦੀ ਅਮਰੀਕੀ ਯਾਤਰਾ ਦੇ ਨਾਲ ਇਸ ਵਿਚ ਪ੍ਰਗਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ।