ਏਬੀਵੀਪੀ ਦੇ ਪੋਸਟਰਾਂ 'ਚ ਵਾਅਦਾ : ਸਾਨੂੰ ਜਿਤਾਉ, ਯੂਨੀਵਰਸਿਟੀ ਚ ਛੋਟੇ ਕਪੜਿਆਂ ਤੇ ਪਾਬੰਦੀ ਲਾਵਾਂਗੇ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਹੜੇ ਵਿਚ ਆਰਐਸਐਸ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਯਾਨੀ ਏਬੀਵੀਪੀ ਦੁਆਰਾ ਕਥਿਤ ਤੌਰ 'ਤੇ ਲਾਏ ਗਏ.............
ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਹੜੇ ਵਿਚ ਆਰਐਸਐਸ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਯਾਨੀ ਏਬੀਵੀਪੀ ਦੁਆਰਾ ਕਥਿਤ ਤੌਰ 'ਤੇ ਲਾਏ ਗਏ ਪੋਸਟਰਾਂ ਵਿਚ ਔਰਤ ਦੇ ਛੋਟੇ ਕਪੜੇ ਪਾਉਣ 'ਤੇ ਪਾਬੰਦੀ, ਯੂਨੀਵਰਸਿਟੀ ਨੂੰ 'ਰਾਸ਼ਟਰ ਵਿਰੋਧੀ ਕਾਮਰੇਡਾਂ' ਤੋਂ ਬਚਾਉਣ ਅਤੇ ਮਾਸਾਹਾਰ ਖਾਣਾ ਵਰਤਾਉਣ ਵਾਲੀਆਂ ਦੁਕਾਨਾਂ ਨੂੰ ਬੰਦ ਕਰਾਉਣ ਦਾ ਵਾਅਦਾ ਕੀਤਾ ਗਿਆ ਹੈ। ਦੂਜੇ ਪਾਸੇ, ਵਿਦਿਆਰਥੀ ਜਥੇਬੰਦੀ ਨੇ ਇਸ ਤਰ੍ਹਾਂ ਦੇ ਪੋਸਟਰ ਜਾਰੀ ਕਰਨ ਤੋਂ ਸਾਫ਼ ਇਨਕਾਰ ਕੀਤਾ ਹੈ।
ਏਬੀਵੀਪੀ ਦੇ ਸੌਰਭ ਸ਼ਰਮਾ ਨੇ ਕਿਹਾ, 'ਕਾਮਰੇਡ ਸਾਡੇ ਕੋਲੋਂ ਡਰੇ ਹੋਏ ਹਨ ਅਤੇ ਸਾਡੇ ਵਿਰੁਧ ਕੂੜਪ੍ਰਚਾਰ ਕਰ ਰਹੇ ਹਨ। ਅਸੀਂ ਇਸ ਤਰ੍ਹਾਂ ਦੇ ਪੋਸਟਰ ਨਹੀਂ ਲਾਏ।' ਇਹ ਪੋਸਟਰ ਸੋਸ਼ਲ ਮੀਡੀਆ ਵਿਚ ਕਾਫ਼ੀ ਚੱਲ ਰਹੇ ਹਨ। ਇਹ ਪੋਸਟਰ ਉਸੇ ਦਿਨ ਸਾਹਮਣੇ ਆਏ ਜਦ ਰਾਜਨੀਤਕ ਰੂਪ ਵਿਚ ਸਰਗਰਮ ਯੂਨੀਵਰਸਿਟੀ ਵਿਚ ਵਿਦਿਆਰਥੀ ਕੌਂਸਲ ਦੇ ਅਹਿਮ ਅਹੁਦਿਆਂ ਲਈ ਮਤਦਾਨ ਚਲ ਰਿਹਾ ਸੀ।
ਪੋਸਟਰ ਵਿਚ ਲਿਖਿਆ ਹੈ, 'ਰਾਤ ਸਮੇਂ ਕੁੜੀਆਂ ਲਈ ਕੇਂਦਰੀ ਲਾਇਬਰੇਰੀ ਦੀ ਸਮਾਂ-ਸੀਮਾ ਵਿਚ ਕਮੀ, ਕੁੜੀਆਂ ਲਈ ਛੋਟੇ ਕਪੜਿਆਂ 'ਤੇ ਪਾਬੰਦੀ, ਮੁੰਡਿਆਂ ਦੇ ਹੋਸਟਲ ਵਿਚ ਕੁੜੀਆਂ ਦੇ ਦਾਖ਼ਲੇ 'ਤੇ ਪਾਬੰਦੀ ਅਤੇ ਜਨਮ ਦਿਨ ਦਾ ਕੋਈ ਜਸ਼ਨ ਨਹੀਂ ਆਦਿ ਲਈ ਅਸੀਂ ਯਤਨ ਕਰਾਂਗੇ। ਜੇਐਨਯੂ ਵਿਚ ਏਬੀਵੀਪੀ ਚਾਰ ਅਹਿਮ ਅਹੁਦਿਆਂ 'ਤੇ ਸਾਂਝੇ ਖੱਬੇਪੱਖੀ ਮੋਰਚੇ ਵਿਰੁਧ ਚੋਣ ਲੜ ਰਿਹਾ ਹੈ। ਸਾਂਝੇ ਖੱਬੇਪੱਖੀ ਮੋਰਚੇ ਵਿਚ ਏਆਈਐਸਏ, ਏਆਈਐਸਐਫ਼, ਡੀਐਸਐਫ਼ ਅਤੇ ਐਸਐਫ਼ਆਈ ਦਾ ਗਠਜੋੜ ਹੈ। ਵੋਟਾਂ ਦੀ ਗਿਣਤੀ ਸ਼ੁਕਰਵਾਰ ਰਾਤ ਨੂੰ ਸ਼ੁਰੂ ਹੋਵੇਗੀ ਅਤੇ ਐਤਵਾਰ ਸਵੇਰੇ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। (ਏਜੰਸੀ)