200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੀ 2 ਸਾਲਾ ਮਾਸੂਮ ਬੱਚੀ, CCTV 'ਚ ਨਜ਼ਰ ਆਈ ਹਰਕਤ
ਬਚਾਅ ਕਾਰਜ ਜਾਰੀ
ਰਾਜਸਥਾਨ: ਦੌਸਾ ਦੇ ਆਭਾਨੇਰੀ ਨੇੜੇ 2 ਸਾਲ ਦੀ ਬੱਚੀ ਦੇ 200 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸਵੇਰੇ 11 ਵਜੇ ਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਮਾਸੂਮ ਨੂੰ 100 ਫੁੱਟ ਦੀ ਡੂੰਘਾਈ 'ਤੇ ਦੇਖਿਆ ਗਿਆ।
ਦੇਵਨਾਰਾਇਣ ਗੁੱਜਰ ਦੀ 2 ਸਾਲ ਦੀ ਬੇਟੀ ਅੰਕਿਤਾ ਸਵੇਰੇ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਘਰ ਦੇ ਨੇੜੇ ਇੱਕ ਖੁੱਲ੍ਹਾ ਬੋਰਵੈੱਲ ਹੈ। ਖੇਡਦੇ ਹੋਏ ਉਹ ਅਚਾਨਕ ਬੋਰਵੈੱਸ ਵਿਚ ਡਿੱਗ ਗਈ। ਜਦੋਂ ਕਾਫੀ ਦੇਰ ਤੱਕ ਲੜਕੀ ਨਜ਼ਰ ਨਹੀਂ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ। ਇਸ ਦੌਰਾਨ ਬੋਰਵੈੱਲ 'ਚੋਂ ਉਸ ਦੇ ਰੋਣ ਦੀ ਆਵਾਜ਼ ਆਈ। ਰੋਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਹੱਥ ਪੈਰ ਫੁੱਲ ਗਏ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ।
ਭਾਰੀ ਮੀਂਹ ਕਾਰਨ ਬਚਾਅ ਕਾਰਜ ਕੁਝ ਸਮੇਂ ਲਈ ਰੋਕਣਾ ਪਿਆ ਸੀ ਪਰ ਹੁਣ ਐੱਸਡੀਆਰਐਫ਼ ਦੀ ਟੀਮ ਵੀ ਬੱਚੀ ਨੂੰ ਬਚਾਉਣ ਲਈ ਪਹੁੰਚ ਗਈ ਹੈ। ਬੱਚੀ ਦੀ ਹਰਕਤ 'ਤੇ ਨਜ਼ਰ ਰੱਖਣ ਲਈ ਬੋਰਵੈੱਲ 'ਚ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ। ਬਚਾਅ ਟੀਮ ਨੇ ਦੱਸਿਆ ਕਿ ਬੱਚੀ ਹਿੱਲ ਰਹੀ ਹੈ ਅਤੇ ਕੈਮਰੇ 'ਚ ਕੈਦ ਕਰਨ ਦੀ ਕੋਸ਼ਿਸ਼ ਵੀ ਕੀਤੀ।
ਅੰਕਿਤਾ ਦੇ ਦਾਦਾ ਕਮਲ ਸਿੰਘ (65) ਨੇ ਦੱਸਿਆ, 'ਇਹ ਬੋਰਵੈੱਲ ਦੋ ਸਾਲ ਪਹਿਲਾਂ ਪੁੱਟਿਆ ਗਿਆ ਸੀ ਪਰ ਇਹ ਸੁੱਕਾ ਨਿਕਲਿਆ। ਫਿਰ ਇਸ ਬੋਰਵੈੱਲ ਨੂੰ ਢੱਕਣ ਨਾਲ ਛੱਡ ਦਿੱਤਾ ਗਿਆ। ਅੱਜ ਸਵੇਰੇ ਹੀ ਮੈਂ ਬੋਰਵੈੱਲ ਵਿਚ ਮਿੱਟੀ ਭਰਨ ਲਈ ਢੱਕਣ ਖੋਲ੍ਹਿਆ। ਕਰੀਬ 11 ਵਜੇ ਤੱਕ ਬੋਰਵੈੱਲ ਵਿਚ 100 ਫੁੱਟ ਤੱਕ ਮਿੱਟੀ ਵੀ ਭਰ ਚੁੱਕੀ ਸੀ। ਇਸ ਤੋਂ ਬਾਅਦ ਮੈਂ ਕੁਝ ਦੇਰ ਆਰਾਮ ਕਰਨ ਲਈ ਕਮਰੇ 'ਚ ਗਿਆ ਅਤੇ ਪਿੱਛੇ ਤੋਂ ਖੇਡਦੀ ਹੋਈ ਅੰਕਿਤਾ ਬੋਰਵੈੱਲ ਦੇ ਕੋਲ ਪਹੁੰਚੀ ਅਤੇ ਡਿੱਗ ਗਈ। ਦੱਸ ਦੇਈਏ ਕਿ ਬੋਰਵੈੱਲ ਘਰ ਦੇ ਬਿਲਕੁਲ ਕੋਲ ਸੀ।
ਲੜਕੀ ਦਾ ਪਿਤਾ ਠੇਕੇਦਾਰੀ ਦਾ ਕੰਮ ਕਰਦੇ ਹਨ। ਇੱਧਰ ਘਰ ਦੇ ਬਾਹਰ ਖੜ੍ਹੀ ਮਾਸੂਮ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਹ ਵਾਰ-ਵਾਰ ਪ੍ਰਾਰਥਨਾ ਕਰ ਰਹੀ ਹੈ ਕਿ ਉਸ ਦੀ ਧੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇ। ਗੁਆਂਢੀ ਅਤੇ ਰਿਸ਼ਤੇਦਾਰ ਉਸ ਨੂੰ ਹੌਂਸਲਾ ਦੇ ਰਹੇ ਹਨ।