ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਵੀਰਵਾਰ ਨੂੰ ਉਸ ਸਮੇਂ ਇਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ। ਜ਼ਿਲ੍ਹੇ ਦੇ ਭਿੰਬਰ ਗਲੀ ਨੇੜੇ ਅੱਜ ਸਵੇਰੇ ਕਈ ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੰਜਾਕੋਟ ਦੇ ਤਹਿਸੀਲਦਾਰ ਜਾਵੇਦ ਚੌਧਰੀ ਨੇ ਦਿੱਤੀ। ਇਸ ਹਾਦਸੇ ਤੋਂ ਬਾਅਦ ਚਾਰੇ ਪਾਸੇ ਹਾਹਾਕਾਰ ਮੱਚ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਬੱਸ 'ਚ ਸਵਾਰ ਘੱਟੋ-ਘੱਟ 25 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪਹਿਚਾਣ ਕਰਨ 'ਚ ਜੁਟੀ ਹੈ। ਬੱਸ ਹਾਦਸੇ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਹੈ।
ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਐੱਲ.ਜੀ. ਦੇ ਦਫਤਰ ਵਲੋਂ ਜਾਰੀ ਬਿਆਨ 'ਚ ਮਨੋਜ ਸਿਨਹਾ ਨੇ ਕਿਹਾ ਕਿ ਮੈਂ ਰਾਜੌਰੀ 'ਚ ਦਰਦਨਾਕ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਪ੍ਰਮਾਤਮਾ ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਠੀਕ ਕਰੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।