ਗੁਜਰਾਤ ATS ਦਾ ਦਾਅਵਾ, 200 ਕਰੋੜ ਦੀ ਹੈਰੋਇਨ ਦਾ ਪੰਜਾਬ ਨਾਲ ਕੁਨੈਕਸ਼ਨ 

ਏਜੰਸੀ

ਖ਼ਬਰਾਂ, ਰਾਸ਼ਟਰੀ

 ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਨਾਈਜੀਰੀਅਨ ਅਤੇ ਕਪੂਰਥਲਾ ਜੇਲ੍ਹ ਵਿੱਚ ਬੈਠੇ ਮੇਰਾਜ ਨੇ ਖੇਪ ਮੰਗਵਾਈ 

Gujarat ATS claim, connection of heroin worth 200 crores with Punjab

 

ਨਵੀਂ ਦਿੱਲੀ - ਗੁਜਰਾਤ ਏਟੀਐਸ ਅਤੇ ਕੋਸਟ ਗਾਰਡ ਦੀ ਟੀਮ ਵੱਲੋਂ ਫੜੀ ਗਈ 200 ਕਰੋੜ ਰੁਪਏ ਦੀ ਹੈਰੋਇਨ ਦਾ ਕਨੈਕਸ਼ਨ ਪੰਜਾਬ ਦੀਆਂ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਕਪੂਰਥਲਾ ਦੀਆਂ ਜੇਲ੍ਹਾਂ ਨਾਲ ਜੁੜਿਆ ਹੋਇਆ ਹੈ। ਏਟੀਐਸ ਨੇ ਦਾਅਵਾ ਕੀਤਾ ਹੈ ਕਿ ਬੁੱਧਵਾਰ ਨੂੰ ਫੜੀ ਗਈ ਪਾਕਿਸਤਾਨ ਤੋਂ ਮੰਗਵਾਈ ਗਈ 200 ਕਰੋੜ ਦੀ 40 ਕਿਲੋ ਹੈਰੋਇਨ ਪੰਜਾਬ ਤੋਂ ਆਈ ਸੀ। ਇਹ ਖੇਪ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਨਾਈਜੀਰੀਅਨ ਕੈਦੀ ਓਬੀਨਾ ਉਰਫ਼ ਚੀਫ਼ ਅਤੇ ਕਪੂਰਥਲਾ ਜੇਲ੍ਹ ਵਿਚ ਬੰਦ ਕੈਦੀ ਮੇਰਾਜ ਰਹਿਮਾਨੀ ਵੱਲੋਂ ਮੰਗਵਾਈ ਗਈ ਸੀ। 

ਜੁਲਾਈ 2022 ਵਿਚ ਫੜੀ ਗਈ 375 ਕਰੋੜ ਰੁਪਏ ਦੀ 75 ਕਿਲੋ ਹੈਰੋਇਨ ਵੀ ਫਰੀਦਕੋਟ ਜੇਲ੍ਹ ਵਿਚ ਬੰਦ ਬੱਗਾ ਖਾਨ ਨੇ ਮੰਗਵਾਈ ਸੀ। ਪਿਛਲੇ ਸਾਲ ਗੁਜਰਾਤ ਤੋਂ ਫੜੀ ਗਈ 730 ਕਰੋੜ ਰੁਪਏ ਦੀ 146 ਕਿਲੋ ਹੈਰੋਇਨ ਵੀ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਇੱਕ ਕੈਦੀ ਭੋਲਾ ਸ਼ੂਟਰ ਨੇ ਖਰੀਦੀ ਸੀ। ਗੁਜਰਾਤ ਏਟੀਐਸ ਅਤੇ ਭਾਰਤੀ ਤੱਟ ਰੱਖਿਅਕ ਗਾਰਡ ਨੇ ਸਾਂਝੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਕਿਸ਼ਤੀ ਸਮੇਤ ਸਮੁੰਦਰ ਰਾਹੀਂ ਲਿਆਂਦੀ ਜਾ ਰਹੀ 40 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੀ ਖੇਪ ਫੜੀ ਸੀ।

ਡੀਜੀਪੀ ਗੁਜਰਾਤ ਆਸ਼ੀਸ਼ ਭਾਟੀਆ ਨੇ ਦੱਸਿਆ ਕਿ ਪਾਕਿਸਤਾਨੀ ਕਿਸ਼ਤੀ ਅਲ ਤਿਹਾਸਾ ਨੂੰ ਕਾਬੂ ਕਰ ਲਿਆ ਗਿਆ ਹੈ। 6 ਪਾਕਿਸਤਾਨੀ ਨਾਗਰਿਕਾਂ ਨੂੰ ਵੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਤੋਂ ਦੋ ਵਿਅਕਤੀ ਉਸ ਨੂੰ ਲੈਣ ਲਈ ਆਉਣ ਵਾਲੇ ਸਨ। ਗੁਜਰਾਤ 'ਚ ਫੜੀ ਗਈ ਹੈਰੋਇਨ ਦੀ ਖੇਪ 'ਚ ਕੈਦੀਆਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ATS ਗੁਜਰਾਤ ਜਲਦ ਹੀ ਪੰਜਾਬ ਦੀਆਂ ਜੇਲ੍ਹਾਂ 'ਚ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਜੇਲ੍ਹਾਂ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਜੇਲ੍ਹਾਂ 'ਚ ਬੰਦ ਕੈਦੀ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ 'ਚ ਕਿਵੇਂ ਹਨ। 

ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਸਰਹੱਦ 'ਤੇ ਸਖ਼ਤੀ ਕਰਨ ਅਤੇ ਡਰੋਨ ਦੀ ਹਰਕਤ 'ਤੇ ਨਜ਼ਰ ਰੱਖਣ ਤੋਂ ਬਾਅਦ ਪਾਕਿਸਤਾਨ 'ਚ ਬੈਠੇ ਤਸਕਰ ਗੁਜਰਾਤ ਦਾ ਰੁਖ ਕਰ ਰਹੇ ਹਨ। ਇਸ ਦੇ ਨਾਲ ਹੀ ਹੈਰੋਇਨ ਦੀ ਖੇਪ ਵੀ ਜੰਮੂ-ਕਸ਼ਮੀਰ ਦੇ ਰਸਤੇ ਪੰਜਾਬ ਆ ਰਹੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀ ਪਿਛਲੇ ਦਿਨੀਂ ਸਪਸ਼ਟ ਕੀਤਾ ਸੀ ਕਿ ਸਰਹੱਦ ’ਤੇ ਸਖ਼ਤੀ ਕਾਰਨ ਸਮੱਗਲਰਾਂ ਨੂੰ ਹੋਰ ਰਸਤੇ ਅਪਨਾਉਣੇ ਪੈ ਰਹੇ ਹਨ।