Jharkhand News : PM ਮੋਦੀ ਨੇ PMAY-G ਦੇ 32,000 ਲਾਭਪਾਤਰੀਆਂ ਨੂੰ ਦਿੱਤੇ ਮਨਜ਼ੂਰੀ ਪੱਤਰ , 32 ਕਰੋੜ ਦੀ ਪਹਿਲੀ ਕਿਸ਼ਤ ਜਾਰੀ
46,000 ਲਾਭਪਾਤਰੀਆਂ ਨੂੰ ਡਿਜੀਟਲ ਤਰੀਕੇ ਨਾਲ ਚਾਬੀਆਂ ਵੀ ਸੌਂਪੀਆਂ
Jharkhand News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀ.ਐਮ.ਏ.ਵਾਈ.-ਜੀ) ਤਹਿਤ 32,000 ਲਾਭਪਾਤਰੀਆਂ ਨੂੰ ਡਿਜੀਟਲ ਤੌਰ ’ਤੇ ਮਨਜ਼ੂਰੀ ਪੱਤਰ ਵੰਡੇ ਅਤੇ ਮਕਾਨਾਂ ਦੇ ਨਿਰਮਾਣ ਲਈ 32 ਕਰੋੜ ਰੁਪਏ ਦੀ ਪਹਿਲੀ ਕਿਸਤ ਜਾਰੀ ਕੀਤੀ। ਉਨ੍ਹਾਂ ਨੇ ਦੇਸ਼ ਭਰ ’ਚ ਪੀ.ਐਮ.ਏ.ਵਾਈ.-ਜੀ ਦੇ 46,000 ਲਾਭਪਾਤਰੀਆਂ ਨੂੰ ਡਿਜੀਟਲ ਤਰੀਕੇ ਨਾਲ ਚਾਬੀਆਂ ਵੀ ਸੌਂਪੀਆਂ।
ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਸਾਰਿਆਂ ਨੂੰ ਮਕਾਨ ਮੁਹੱਈਆ ਕਰਵਾਉਣ ਦੀ ਅਪਣੀ ਵਚਨਬੱਧਤਾ ਦੇ ਤਹਿਤ ਪ੍ਰਧਾਨ ਮੰਤਰੀ ਨੇ ਝਾਰਖੰਡ ਦੇ 32,000 ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀ.ਐੱਮ.ਏ.ਵਾਈ.-ਜੀ) ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡੇ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਸਹਾਇਤਾ ਦੀ ਪਹਿਲੀ ਕਿਸਤ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ 46,000 ਲਾਭਪਾਤਰੀਆਂ ਦੇ ‘ਗ੍ਰਹਿ ਪ੍ਰਵੇਸ਼’ ਸਮਾਰੋਹ ’ਚ ਵੀ ਹਿੱਸਾ ਲਿਆ।
ਕੇਂਦਰ ਨੇ ਪੀ.ਐਮ.ਏ.ਵਾਈ.-ਜੀ ਯੋਜਨਾ ਤਹਿਤ ਝਾਰਖੰਡ ’ਚ ਗਰੀਬਾਂ ਲਈ 113,400 ਮਕਾਨਾਂ ਨੂੰ ਮਨਜ਼ੂਰੀ ਦਿਤੀ ਹੈ।
ਰਾਂਚੀ ਤੋਂ ਵਰਚੁਅਲ ਮਾਧਿਅਮ ਰਾਹੀਂ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਪੀ.ਐਮ.ਏ.ਵਾਈ.-ਜੀ ਦੀ ਪਹਿਲੀ ਕਿਸਤ ਜਾਰੀ ਕਰ ਦਿਤੀ ਗਈ ਹੈ ਅਤੇ ਇਸ ਯੋਜਨਾ ਤਹਿਤ ਹਜ਼ਾਰਾਂ ਮਕਾਨ ਵੀ ਸੌਂਪੇ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀ.ਐਮ.ਏ.ਵਾਈ.-ਜੀ) ਦੀ ਪਹਿਲੀ ਕਿਸ਼ਤ, ਜੋ ਅੱਜ ਜਾਰੀ ਕੀਤੀ ਜਾ ਰਹੀ ਹੈ, ਹਜ਼ਾਰਾਂ ਲਾਭਪਾਤਰੀਆਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਏਗੀ। ਪੀ.ਐਮ.ਏ.ਵਾਈ.-ਜੀ ਤੋਂ ਇਲਾਵਾ ਪਖਾਨੇ, ਪੀਣ ਵਾਲਾ ਪਾਣੀ, ਬਿਜਲੀ, ਗੈਸ ਕੁਨੈਕਸ਼ਨ ਵਰਗੀਆਂ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਸਨ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਜਦ ਕਿਸੇ ਪਰਵਾਰ ਨੂੰ ਅਪਣਾ ਘਰ ਮਿਲਦਾ ਹੈ ਤਾਂ ਉਸ ਦਾ ਆਤਮ-ਵਿਸ਼ਵਾਸ ਵਧਦਾ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਝਾਰਖੰਡ ਦੇ ਲੋਕਾਂ ਲਈ ਪੱਕੇ ਮਕਾਨਾਂ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ’ਚ ਵੀ ਹਜ਼ਾਰਾਂ ਨੌਕਰੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ।
ਮੋਦੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ-ਜਨਮਨ ਯੋਜਨਾ ਝਾਰਖੰਡ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਲਈ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਇਸ ਯੋਜਨਾ ਦੇ ਜ਼ਰੀਏ ਉਨ੍ਹਾਂ ਆਦਿਵਾਸੀਆਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਅਜੇ ਵੀ ਪੱਛੜੇ ਹੋਏ ਹਨ। ਅਧਿਕਾਰੀ ਇਨ੍ਹਾਂ ਪਰਵਾਰਾਂ ਨੂੰ ਮਕਾਨ, ਸੜਕਾਂ, ਬਿਜਲੀ ਅਤੇ ਸਿੱਖਿਆ ਮੁਹੱਈਆ ਕਰਵਾਉਣ ਲਈ ਪਹੁੰਚ ਰਹੇ ਹਨ। ਅਜਿਹੇ ਯਤਨ ‘ਵਿਕਸਤ ਝਾਰਖੰਡ’ ਲਈ ਮੇਰੀ ਵਚਨਬੱਧਤਾ ਦਾ ਹਿੱਸਾ ਹਨ। ਅਸੀਂ ਝਾਰਖੰਡ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ।’’
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ 2014 ਤੋਂ ਦੇਸ਼ ਦੇ ਗਰੀਬਾਂ, ਦਲਿਤ, ਵੰਚਿਤ ਅਤੇ ਆਦਿਵਾਸੀ ਪਰਵਾਰਾਂ ਦੇ ਮਜ਼ਬੂਤੀਕਰਨ ਲਈ ਕਈ ਮਹੱਤਵਪੂਰਨ ਕਦਮ ਚੁਕੇ ਗਏ ਹਨ। ਉਨ੍ਹਾਂ ਕਿਹਾ ਕਿ ਝਾਰਖੰਡ ਸਮੇਤ ਦੇਸ਼ ਭਰ ’ਚ ਆਦਿਵਾਸੀ ਭਾਈਚਾਰੇ ਲਈ ਪ੍ਰਧਾਨ ਮੰਤਰੀ-ਜਨਮਾਨ ਯੋਜਨਾ ਚਲਾਈ ਜਾ ਰਹੀ ਹੈ।