Kolkata doctor rape-murder Case : ਆਰ.ਜੀ. ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਨੂੰ 17 ਸਤੰਬਰ ਤਕ ਹਿਰਾਸਤ ’ਚ ਭੇਜਿਆ ਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀ.ਬੀ.ਆਈ. ਨੂੰ ਤਾਲਾ ਥਾਣੇ ਦੇ ਇੰਚਾਰਜ ਦੀ ਵੀ ਮਿਲੀ ਹਿਰਾਸਤ

Kolkata doctor rape-murder case

Kolkata doctor rape-murder Case : ਕੋਲਕਾਤਾ ਦੀ ਇਕ ਅਦਾਲਤ ਨੇ ਆਰ.ਜੀ. ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਤਾਲਾ ਥਾਣੇ ਦੇ ਇੰਚਾਰਜ ਅਭਿਜੀਤ ਮੰਡਲ ਨੂੰ 17 ਸਤੰਬਰ ਤਕ ਸੀ.ਬੀ.ਆਈ. ਹਿਰਾਸਤ ’ਚ ਭੇਜ ਦਿਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਘੋਸ਼ ਅਤੇ ਮੰਡਲ ਦੋਹਾਂ ਨੂੰ ਕੇਂਦਰੀ ਏਜੰਸੀ ਨੇ ਸਰਕਾਰੀ ਹਸਪਤਾਲ ’ਚ ਇਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਅਦਾਲਤ ’ਚ ਪੇਸ਼ ਕੀਤਾ।

ਅਧਿਕਾਰੀ ਨੇ ਕਿਹਾ, ‘‘ਸਾਨੂੰ ਉਸ ਨੂੰ 17 ਸਤੰਬਰ ਤਕ ਤਿੰਨ ਦਿਨਾਂ ਲਈ ਹਿਰਾਸਤ ’ਚ ਲੈ ਲਿਆ ਗਿਆ ਹੈ। ਹੁਣ ਦੋਹਾਂ ਤੋਂ ਇਕੱਠੇ ਪੁੱਛ-ਪੜਤਾਲ ਕੀਤੀ ਜਾਵੇਗੀ। ਦੋਹਾਂ ਨੇ ਆਰ.ਜੀ. ਕਰ ਕੇਸ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।’’

ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਸਨਿਚਰਵਾਰ ਸ਼ਾਮ ਨੂੰ ਮੰਡਲ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਘੋਸ਼ ਵਿਰੁਧ ਸਬੂਤਾਂ ਨਾਲ ਛੇੜਛਾੜ ਦਾ ਦੋਸ਼ ਲਗਾਇਆ ਸੀ। ਘੋਸ਼ ਇਸ ਸਮੇਂ ਆਰ.ਜੀ. ਕਰ ਹਸਪਤਾਲ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨਿਆਂਇਕ ਹਿਰਾਸਤ ’ਚ ਹੈ।

ਅਧਿਕਾਰੀ ਮੁਤਾਬਕ ਮੰਡਲ ’ਤੇ ਸਬੂਤਾਂ ਨਾਲ ਛੇੜਛਾੜ, ਐਫ.ਆਈ.ਆਰ. ਦਰਜ ਕਰਨ ’ਚ ਦੇਰੀ ਅਤੇ ਹੋਰ ਸਬੰਧਤ ਅਪਰਾਧਾਂ ਦੇ ਵੀ ਦੋਸ਼ ਹਨ। ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਤਾਲਾ ਥਾਣਾ ਖੇਤਰ ’ਚ ਸਥਿਤ ਹੈ।

ਸਨਿਚਰਵਾਰ ਨੂੰ ਸੀ.ਬੀ.ਆਈ. ਅਧਿਕਾਰੀਆਂ ਵਲੋਂ ਪੁੱਛ-ਪੜਤਾਲ ਦੌਰਾਨ ਤਸੱਲੀਬਖਸ਼ ਜਵਾਬ ਦੇਣ ’ਚ ਅਸਫਲ ਰਹਿਣ ਤੋਂ ਬਾਅਦ ਐਸ.ਐਚ.ਓ. ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀ.ਬੀ.ਆਈ. ਨੇ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ‘ਵੱਡੀ ਸਾਜ਼ਸ਼ ਹੋ ਸਕਦੀ ਹੈ’ ਅਤੇ ਘੋਸ਼ ਤੇ ਮੰਡਲ ਦੋਹਾਂ ਨੇ ਅਪਰਾਧ ’ਚ ‘ਮਹੱਤਵਪੂਰਨ ਭੂਮਿਕਾ’ ਨਿਭਾਈ ਸੀ।

ਮਹਿਲਾ ਡਾਕਟਰ ਦੀ ਲਾਸ਼ 9 ਅਗੱਸਤ ਨੂੰ ਹਸਪਤਾਲ ਦੇ ਸੈਮੀਨਾਰ ਹਾਲ ’ਚ ਮਿਲੀ ਸੀ। ਜਬਰ ਜਨਾਹ -ਕਤਲ ਦੇ ਮਾਮਲੇ ’ਚ ਹੁਣ ਤਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।