Ravneet Bittu : 'ਰਾਹੁਲ ਗਾਂਧੀ ਦੇਸ਼ ਦੇ ਨੰਬਰ-1 ਅੱਤਵਾਦੀ , ਉਨ੍ਹਾਂ 'ਤੇ ਤਾਂ ਇਨਾਮ ਹੋਣਾ ਚਾਹੀਦਾ', ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ
ਰਵਨੀਤ ਬਿੱਟੂ ਨੇ ਕਿਹਾ, 'ਰਾਹੁਲ ਗਾਂਧੀ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ'
Ravneet Singh Bittu News : ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਰਵਨੀਤ ਬਿੱਟੂ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ ਇਕ ਅੱਤਵਾਦੀ ਦੱਸਿਆ ਹੈ। ਰਵਨੀਤ ਬਿੱਟੂ ਨੇ ਕਿਹਾ, 'ਰਾਹੁਲ ਗਾਂਧੀ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਸਿੱਖ ਕਿਸੇ ਪਾਰਟੀ ਨਾਲ ਜੁੜੇ ਨਹੀਂ ਹਨ ਅਤੇ ਇਹ ਚੰਗਿਆੜੀ ਲਗਾਉਣ ਦੀ ਕੋਸ਼ਿਸ਼ ਹੈ, ਰਾਹੁਲ ਗਾਂਧੀ ਦੇਸ਼ ਦੇ ਨੰਬਰ -1 ਅੱਤਵਾਦੀ ਹਨ।' ਬਿੱਟੂ ਨੇ ਇਹ ਵਿਵਾਦਤ ਗੱਲਾਂ ਰਾਹੁਲ ਗਾਂਧੀ ਦੇ ਅਮਰੀਕਾ ਵਿੱਚ ਸਿੱਖਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਕਹੀਆਂ ਹਨ।
ਰਾਹੁਲ ਗਾਂਧੀ ਨੰਬਰ ਵਨ ਅੱਤਵਾਦੀ : ਬਿੱਟੂ
ਕੇਂਦਰੀ ਰਾਜ ਮੰਤਰੀ ਬਿੱਟੂ ਨੇ ਭਾਗਲਪੁਰ ਵਿੱਚ ਕਿਹਾ, ਮੈਂ ਚੈਲੇਂਜ ਕੀਤਾ ਹੈ ਕੋਈ ਸਿੱਖ ਜੋ ਇੱਥੇ ਖੜਾ ਹੈ , ਜੋ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਹੈ। ਇੱਥੇ ਭਾਗਲਪੁਰ ਵਿੱਚ ਦੱਸੋ ਕਿਸੇ ਨੇ ਉਸਨੂੰ ਕਿਹਾ ਕਿ ਤੁਸੀਂ ਕੜਾ ਨਹੀਂ ਪਹਿਨ ਸਕਦੇ, ਕਿਸੇ ਨੇ ਕਿਹਾ ਕਿ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ, ਕਿਸੇ ਨੇ ਕਿਹਾ ਕਿ ਤੁਸੀਂ ਗੁਰਦੁਆਰੇ ਨਹੀਂ ਜਾ ਸਕਦੇ, ਇੱਕ ਵੀ ਸਿੱਖ ਇੱਥੇ ਖੜ੍ਹਾ ਹੋ ਕੇ ਕਹਿ ਦੇਵੇ, ਮੈਂ ਹੁਣੇ ਭਾਜਪਾ ਛੱਡ ਦੇਵਾਂਗਾ। ਚੰਗਿਆੜੀ ਲਗਾਉਣ ਲਈ ਪਹਿਲਾਂ ਮੁਸਲਮਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ। ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਦੇਸ਼ ਦੀ ਰਾਖੀ ਕਰਨ ਵਾਲੇ ਸਰਹੱਦ 'ਤੇ ਸਿੱਖਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ, 'ਜੋ ਦੇਸ਼ ਦਾ ਵਾਂਟੇਡ ਹੈ ,ਉਹ ਜੋ ਬਿਆਨ ਦਿੰਦਾ ਸੀ, ਓਹੀ ਰਾਹੁਲ ਗਾਂਧੀ ਦਿੰਦੇ ਹਨ। ਹੁਣ ਬੰਬ ਅਤੇ ਗੋਲਾ ਬਾਰੂਦ ਬਣਾਉਣ ਵਾਲੇ ਵੱਖਵਾਦੀਆਂ ਨੇ ਰਾਹੁਲ ਗਾਂਧੀ ਦੇ ਬਿਆਨ ਦੀ ਤਾਰੀਫ਼ ਕੀਤੀ ਹੈ ਅਤੇ ਉਨ੍ਹਾਂ ਦੀ ਗੱਲ ਰਾਹੁਲ ਗਾਂਧੀ ਨੇ ਕਹੀ ਹੈ, ਜੋ ਹਰ ਵਕਤ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ,ਉਡਾਉਣ ਦੀ ਗੱਲ ਕਰਦੇ ਹਨ, ਉਹ ਲੋਕ ਜਦੋਂ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਆ ਗਏ ਤਾਂ ਸਮਝ ਲਵੋ ਕਿ ਦੇਸ਼ ਦੇ ਨੰਬਰ 1 ਅੱਤਵਾਦੀ ਰਾਹੁਲ ਗਾਂਧੀ ਹਨ ਅਤੇ ਉਸਨੂੰ ਫੜਨ ਲਈ ਸਭ ਤੋਂ ਵੱਡਾ ਇਨਾਮ ਹੋਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੂੰ ਹਿੰਦੁਸਤਾਨੀ ਨਾਲ ਪਿਆਰ ਨਹੀਂ : ਬਿੱਟੂ
ਰਵਨੀਤ ਬਿੱਟੂ ਨੇ ਬਿਹਾਰ ਦੇ ਭਾਗਲਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੇਰੇ ਖਿਆਲ ਨਾਲ ਰਾਹੁਲ ਗਾਂਧੀ ਪਹਿਲਾਂ ਤਾਂ ਹਿੰਦੁਸਤਾਨੀ ਹੈ ਨਹੀਂ, ਉਨ੍ਹਾਂ ਨੇ ਜ਼ਿਆਦਾ ਸਮਾਂ ਭਾਰਤ ਤੋਂ ਬਾਹਰ ਗੁਜ਼ਾਰਿਆ ਹੈ। ਉਸਦੇ ਦੋਸਤ ਉੱਥੇ ਹਨ, ਉਸਦੀ ਫੈਮਲੀ ਓਥੇ ਹੈ। ਇਸੇ ਕਾਰਨ ਮੇਰੇ ਹਿਸਾਬ ਨਾਲ ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਬਹੁਤਾ ਪਿਆਰ ਨਹੀਂ ਹੈ, ਬਾਹਰ ਜਾ ਕੇ ਹਰ ਚੀਜ਼ ਉਲਟਾ ਬੋਲਣਾ ਅਤੇ ਖਾਸ ਕਰਕੇ ਉਨ੍ਹਾਂ ਨੂੰ ਰਾਜਨੀਤੀ 'ਚ ਰਹਿ ਕੇ ਵੀ ਅੱਜ ਤੱਕ ਪਤਾ ਨਹੀਂ ਚਲਣਾ ਕਿ ਮਜ਼ਦੂਰ ਦਾ ਦਰਦ ਕੀ ਹੁੰਦਾ ਹੈ। ਅੱਧੀ ਜ਼ਿੰਦਗੀ ਬੀਤ ਗਈ ਹੈ, ਹੁਣ ਤੁਸੀਂ ਵਿਰੋਧੀ ਧਿਰ ਦੇ ਨੇਤਾ ਬਣ ਚੁੱਕੇ ਹੋ ਅਤੇ ਫੋਟੋਆਂ ਖਿਚਵਾਉਣ ਲਈ ਤੁਸੀਂ ਇਧਰ-ਉਧਰ ਚਲੇ ਜਾਂਦੇ ਹੋ, ਇਸ ਨਾਲ ਉਨ੍ਹਾਂ ਦਾ ਮਜ਼ਾਕ ਬਣਦਾ ਹੈ।
ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਨਾਰਾਜ਼ ਹਨ ਬਿੱਟੂ
ਦੱਸ ਦੇਈਏ ਕਿ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੌਰੇ ਦੌਰਾਨ ਸਿੱਖਾਂ ਨੂੰ ਲੈ ਕੇ ਦਿੱਤੇ ਇੱਕ ਬਿਆਨ ਤੋਂ ਨਾਰਾਜ਼ ਹੋਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਨੂੰ ਅੱਤਵਾਦੀ ਕਿਹਾ ਹੈ। ਰਾਹੁਲ ਗਾਂਧੀ ਨੇ ਵਰਜੀਨੀਆ ਵਿੱਚ ਭਾਰਤੀ ਅਮਰੀਕੀ ਭਾਈਚਾਰੇ ਦੇ ਸੈਂਕੜੇ ਲੋਕਾਂ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ ਆਰੋਪ ਲਾਇਆ ਸੀ ਕਿ ਆਰਐਸਐਸ ਕੁਝ ਧਰਮਾਂ, ਭਾਸ਼ਾਵਾਂ ਅਤੇ ਭਾਈਚਾਰਿਆਂ ਨੂੰ ਦੂਜਿਆਂ ਨਾਲੋਂ ਨੀਵਾਂ ਸਮਝਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਰਾਜਨੀਤੀ ਲਈ ਨਹੀਂ ਸਗੋਂ ਇਸੇ ਗੱਲ ਲਈ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਲੜਾਈ ਇਸ ਗੱਲ ਦੀ ਹੈ ਕਿ ਕੀ ਇੱਕ ਸਿੱਖ ਨੂੰ
ਭਾਰਤ ਵਿੱਚ ਦਸਤਾਰ ਜਾਂ ਕੜਾ ਪਹਿਨਣ ਦਾ ਅਧਿਕਾਰ ਹੈ ਜਾਂ ਨਹੀਂ। ਜਾਂ ਸਿੱਖ ਹੋਣ ਦੇ ਨਾਤੇ ਉਹ ਗੁਰਦੁਆਰੇ ਜਾ ਸਕਦਾ ਹੈ ਜਾਂ ਨਹੀਂ।