ਪਟਨਾ 'ਚ ਡੇਂਗੂ ਦਾ ਕਹਿਰ- ਇਕ ਦੀ ਮੌਤ, ਭਾਜਪਾ ਵਿਧਾਇਕ ਵੀ ਆਏ ਇਸ ਦੀ ਚਪੇਟ ਵਿਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਮਵਾਰ ਨੂੰ ਇਕੱਲੇ ਪਟਨਾ ਮੈਡੀਕਲ ਕਾਲਜ ਹਸਪਤਾਲ ਵਿਚ ਜਿਨ੍ਹਾਂ 294 ਸੈਪਲ ਦੀ ਜਾਂਚ ਹੋਈ ਉਸ ਵਿਚ 116 ਪੌਜੀਟਿਵ ਪਾਏ ਗਏ।

Dengue fever in Patna

ਬਿਹਾਰ: ਬਿਹਾਰ ਵਿਚ ਡੇਂਗੂ ਦਾ ਕਹਿਰ ਜਾਰੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਧਾਨੀ ਪਟਨਾ ਵਿਚ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ 1300 ਤੋਂ ਵੀ ਵੱਧ ਹੋ ਗਈ ਹੈ। ਇਸ ਦੌਰਾਨ ਪਟਨਾ ਵਿਚ, ਜਿੱਥੇ ਇੱਕ ਸੱਤ ਸਾਲ ਦੀ ਬੱਚੀ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ, ਉਥੇ ਹੀ ਭਾਜਪਾ ਵਿਧਾਇਕ ਸੰਜੀਵ ਚੌਰਸੀਆ ਵੀ ਡੇਂਗੂ ਨਾਲ ਪ੍ਰਭਾਵਿਤ ਲੋਕਾਂ ਵਿਚ ਸ਼ਾਮਲ ਹੋ ਗਏ ਹਨ।

ਸੋਮਵਾਰ ਨੂੰ ਇਕੱਲੇ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜਿਨ੍ਹਾਂ 294 ਸੈਪਲ ਦੀ ਜਾਂਚ ਹੋਈ ਉਸ ਵਿਚ 116 ਪੌਜੀਟਿਵ ਪਾਏ ਗਏ। ਇਹਨਾਂ ਵਿਚ ਚਾਰ ਲੋਕਾਂ ਨੰ ਛੱਡ ਕੇ ਬਾਕੀ ਸਾਰੇ ਪਟਨਾ ਦੇ ਰਹਿਣ ਵਾਲੇ ਹਨ। ਪਰਿਵਾਰ ਦੇ ਮੈਂਬਰਾਂ ਅਨੁਸਾਰ ਡੇਂਗੂ ਨਾਲ ਜਿਸ ਬੱਚੀ ਦੀ ਮੌਤ ਹੋਈ ਹੈ ਉਸ ਦਾ ਨਿੱਜੀ ਹਸਪਤਾਲ ਵਿਚ ਪਿਛਲੇ ਕਈ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਪਰ ਫਿਰ ਅਚਾਨਕ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਹਾਲਾਂਕਿ, ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਲੜਕੀ ਨੂੰ ਡਾਕਟਰ ਨੇ ਪਹਿਲੇ ਦੋ ਦਿਨਾਂ ਤੱਕ ਟਾਈਫਾਈਡ ਦੀ ਦਵਾਈ ਲੈਣ ਲਈ ਕਿਹਾ ਅਤੇ ਹਨਾਂ ਦਾ ਮੰਨਣਾ ਹੈ ਸ਼ਾਇਦ ਇਸ ਦੀ ਵਜ੍ਹਾਂ ਨਾਲ ਹੀ ਮੌਤ ਹੋਈ ਹੈ। ਇਸ ਦੌਰਾਨ ਸਾਰੀ ਸਥਿਤੀ ਬਾਰੇ, ਪਟਨਾ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਡਾ: ਰਾਜੀਵ ਰੰਜਨ ਪ੍ਰਸਾਦ ਦਾ ਕਹਿਣਾ ਹੈ ਕਿ ਪਟਨਾ ਸ਼ਹਿਰ ਵਿਚ ਡੇਂਗੂ ਦੇ ਮਰੀਜ਼ਾਂ ਦੇ ਅਚਾਨਕ ਵਾਧੇ ਦਾ ਸਭ ਤੋਂ ਵੱਡਾ ਕਾਰਨ ਮੌਸਮ ਦਾ ਉਤਰਾਅ ਚੜਾਅ ਅਤੇ ਪਾਣੀ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਦੇ ਨਾਲ-ਨਾਲ ਵਾਇਰਲ ਬੁਖਾਰ ਅਤੇ ਚਿਕਨਗੁਨੀਆ ਦੇ ਮਰੀਜ਼ ਵੀ ਵੱਧ ਗਏ ਹਨ।

ਹਾਲਾਂਕਿ, ਉਹਨਾਂ ਦਾ ਮੰਨਣਾ ਹੈ ਕਿ ਜਿਵੇਂ ਹੀ ਮੌਸਮ ਠੰਢਾ ਹੁੰਦਾ ਜਾਵੇਗਾ, ਮਰੀਜ਼ਾਂ ਦੀ ਗਿਣਤੀ ਘੱਟ ਜਾਵੇਗੀ। ਬਿਹਾਰ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਡੇਂਗੂ ਦੇ ਮਰੀਜ਼ਾਂ ਵਿਚ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਿ ਡੇਂਗੂ ਦੇ ਡੰਗ ਮਾਰਨ ਦੇ ਬਾਵਜੂਦ, ਪਲੇਟਲੇਟ ਜ਼ਿਆਦਾ ਹੇਠਾਂ ਨਹੀਂ ਜਾ ਰਿਹਾ ਹੈ। ਅੱਜ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਪਟਨਾ ਦੇ ਹਸਪਤਾਲਾਂ ਦਾ ਦੁਬਾਰਾ ਦੌਰਾ ਕਰਨਗੇ ਅਤੇ ਡਾਕਟਰਾਂ ਨਾਲ ਸਥਿਤੀ ਦਾ ਜਾਇਜ਼ਾ ਲੈਣਗੇ।