ਕੇਂਦਰ ਸਰਕਾਰ ਦੀ ਮਨਜ਼ੂਰੀ ਦੇ ਬਾਵਜੂਦ ਵੀ ਪੰਜਾਬ 'ਚ ਨਹੀਂ ਖੁੱਲ੍ਹਣਗੇ ਸਿਨੇਮਾ ਹਾਲ
ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾ ਟਵੀਟ
ਚੰਡੀਗੜ੍ਹ - ਕੇਂਦਰ ਸਰਕਾਰ ਨੇ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਿਨੇਮਾਹਾਲ ਜਾਣ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਪਰ ਹਾਲ ਹੀ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਇਕ ਟਵੀਟ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਿਨੇਮਾ ਹਾਲ, ਮਲਟੀਪਲੈਕਸਾਂ, ਮਨੋਰੰਜਨ ਪਾਰਕ ਆਦਿ ਨਹੀਂ ਖੋਲ੍ਹੇ ਜਾਣਗੇ।
ਹਾਲਾਂਕਿ ਰਾਮਲੀਲਾ ਮਨਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਉਸ ਵਿਚ ਵੀ ਸੋਸ਼ਲ ਡਿਸਟੈਸਿੰਗ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਅੱਜ ਦੇ ਦਿਨ ਹੀ ਨਰਿੰਦਰ ਮੋਦੀ ਦੀ ਬਾਇਓਪਿੱਕ ਵੀ ਰਿਲੀਜ਼ ਹੋਣੀ ਸੀ।
ਸਿਨੇਮਾ ਹਾਲ ਖੁਲ੍ਹਣ ਤੋਂ ਬਾਅਦ ਇਹ ਪਹਿਲੀ ਫਿਲਮ ਰਿਲੀਜ਼ ਹੋਣੀ ਸੀ। ਪੰਜਾਬ ਦੇ ਸਿਨੇਮਾ ਹਾਲ ਦੇ ਮੈਨੇਜਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਪੰਜਾਬ ਸਰਕਾਰ ਵੱਲੋਂ ਕੋਈ ਵੀ ਆਰਡਰ ਨਹੀਂ ਆਇਆ ਕਿ ਸਿਨੇਮਾ ਹਾਲ ਖੋਲ੍ਹੇ ਜਾਣ ਜਾ ਨਾ। ਤੇ ਡਿਸਟੀਬਿਊਟਰਾਂ ਵੱਲੋਂ ਉਨ੍ਹਾਂ ਨੂੰ ਪੁਰਾਣੀਆਂ ਫਿਲਮਾਂ ਨਾਲ ਸਿਨੇਮਾ ਹਾਲ ਖੋਲ੍ਹਣ ਲਈ ਕਿਹਾ ਜਾ ਰਿਹਾ ਹੈ ਤੇ ਕੋਰੋਨਾ ਸੰਕਟ ਦੌਰਾਨ ਵੀ ਸਰਕਾਰ ਨੇ ਸਾਨੂੰ ਕੋਈ ਰਾਹਤ ਨਹੀਂ ਦਿੱਤੀ ਤੇ ਹੁਣ ਅਜੇ ਤੱਕ ਸਰਕਾਰ ਨੇ ਕੋਈ ਵੀ ਆਰਡਰ ਨਹੀਂ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀਰਵਾਰ 15 ਅਕਤੂਬਰ ਤੋਂ ਸਾਰੇ ਸਿਨੇਮਾਘਰਾਂ, ਥੀਏਟਰਾਂ ਅਤੇ ਮਲਟੀਪਲੈਕਸਾਂ ਨੂੰ 50 ਫ਼ੀ ਸਦੀ ਸਮਰੱਥਾ ਨਾਲ ਖੋਲ੍ਹਿਆ ਜਾਵੇਗਾ। ਇਸਦਾ ਮਤਲਬ ਹੈ ਕਿ ਦਰਸ਼ਕਾਂ ਦੀ ਸਮਰੱਥਾ ਪਹਿਲਾਂ ਨਾਲੋਂ ਅੱਧੀ ਰੱਖੀ ਜਾਵੇਗੀ। ਮੁੱਖ ਸਕੱਤਰ ਆਰ ਕੇ ਤਿਵਾੜੀ ਨੇ ਬਿਆਨ ਦਿਤਾ ਹੈ ਕਿ ਕੰਨਟੇਨਮੈਂਟ ਜ਼ੋਨ ਦੇ ਬਾਹਰ ਸਿਨੇਮਾਘਰਾਂ, ਥਿਏਟਰਾਂ ਅਤੇ ਮਲਟੀਪਲੈਕਸਾਂ ਨੂੰ ਖੋਲ੍ਹਿਆ ਜਾਵੇਗਾ। ਸਿਨੇਮਾਹਾਲ ਦੇ ਸਾਂਝੇ ਖੇਤਰਾਂ ਅਤੇ ਉਡੀਕ ਖੇਤਰਾਂ 'ਚ, ਹਰੇਕ ਵਿਅਕਤੀ ਨੂੰ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ।