ਦਿੱਲੀ ਦੀ ਸੰਗਤ ਤਕੜੇ ਹੋ ਕੇ ਬਾਦਲਾਂ ਤੋਂ ਕੌਮ ਦਾ ਖਹਿੜਾ ਛੁਡਵਾਏ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਥਕ ਸੇਵਾ ਕਰਦੇ ਹੋਏ ਮੈਂ ਕਮੇਟੀ ਦਾ ਇਸ ਤੋਂ ਮਾੜਾ ਹਾਲ ਪਹਿਲਾਂ ਕਦੇ ਨਹੀਂ ਵੇਖਿਆ

Paramjit Singh Sarna

ਨਵੀਂ ਦਿੱਲੀ  (ਅਮਨਦੀਪ ਸਿੰਘ): ਦਿੱਲੀ ਗੁਰਦਵਾਰਾ ਚੋਣ ਹਲਕਾ ਹਰੀ ਨਗਰ ਵਿਖੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਅਗਲੇ ਸਾਲ ਹੋਣ ਵਾਲੀਆਂ ਗੁਰਦਵਾਰਾ ਚੋਣਾਂ ਵਿਚ ਸੰਗਤ ਨੂੰ ਤਕੜੇ ਹੋ ਕੇ, ਬਾਦਲਾਂ ਤੋਂ ਕੌਮ ਦਾ ਖਹਿੜਾ ਛੁਡਵਾਉਣ ਦਾ ਸੱਦਾ ਦਿਤਾ।

ਇਥੋਂ ਦੇ ਗੁਰਦਵਾਰਾ ਕਲਗੀਧਰ ਵਿਖੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸ.ਤਜਿੰਦਰਪਾਲ ਸਿੰਘ ਭਾਟੀਆ (ਗੋਪਾ) ਵਲੋਂ ਐਤਵਾਰ ਨੂੰ ਕਰਵਾਈ ਗਈ ਇਕੱਤਰਤਾ ਵਿਚ ਇਲਾਕੇ ਦੀਆਂ ਬੀਬੀਆਂ, ਸਿੰਘਾਂ ਸਣੇ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਕਾਰਕੁਨ ਸ਼ਾਮਲ ਹੋਏ। ਅਪਣੇ ਸੰਬੋਧਨ ਦੌਰਾਨ ਸ.ਸਰਨਾ ਨੇ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਸਟਾਫ਼ ਨੂੰ ਤਨਖ਼ਾਹਾਂ ਨਾ ਦੇਣ

ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਬਾਰੇ ਚੁੱਪੀ ਧਾਰਨ ਕਰਨ ਅਤੇ ਸਿੱਖ ਮਰਿਆਦਾ ਦੀ ਉਲੰਘਣਾ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦੋਸ਼ੀ ਗਰਦਾਨਿਆ ਤੇ ਕਿਹਾ, “ਸਾਡੇ ਕਾਰਜਕਾਲ ਵੇਲੇ ਸਕੂਲ ਸਟਾਫ਼ ਨੂੰ ਵੇਲੇ ਸਿਰ ਹਰ ਮਹੀਨੇ ਦੀ 30 ਤਰੀਕ ਨੂੰ ਤਨਖਾਹ ਦੇ ਦਿਤੀ ਜਾਂਦੀ ਸੀ, ਪਰ ਅੱਜ ਸਟਾਫ਼ 7-7 ਮਹੀਨੇ ਦੀ ਉਡੀਕ ਕਰ ਰਿਹਾ ਹੈ ਅਤੇ ਵਿਦਿਅਕ ਅਦਾਰਿਆਂ ਦੇ ਸਾਬਕਾ ਵਿਦਿਆਰਥੀ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਅਦਾਰਿਆਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਹਨ।''

ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸ.ਤਜਿੰਦਰ ਸਿੰਘ ਭਾਟੀਆ ਨੇ ਕਿਹਾ, “ਸਰਨਾ ਜੀ ਤਾਂ 123 ਕਰੋੜ ਛੱਡ ਗਏ ਸਨ, ਇਹ ਸਾਰਾ ਫ਼ੰਡ ਕਿਥੇ ਗਿਆ, ਕੀ ਬਾਦਲ ਦਲ ਇਸ ਬਾਰੇ ਸੰਗਤ ਨੂੰ ਜਵਾਬ ਦੇਵੇਗਾ? ਪੰਥਕ ਸੇਵਾ ਕਰਦੇ ਹੋਏ ਮੈਂ ਕਮੇਟੀ ਦਾ ਇਸ ਤੋਂ ਮਾੜਾ ਹਾਲ ਪਹਿਲਾਂ ਕਦੇ ਨਹੀਂ ਵੇਖਿਆ।''