ਸਿੰਘੂ ਬਾਰਡਰ ’ਤੇ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਸਿੰਘ ਨੇ ਕੀਤਾ ਆਤਮਸਮਰਪਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਪੁਲਿਸ ਨੇ ਸਰਬਜੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ

Nihang Sarabjit, who killed a youth at Singhu border, surrendered

 

ਸਿੰਘੂ ਬਾਰਡਰ : ਅੱਜ ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਤੋਂ ਬਾਅਦ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ ਤੇ ਇਸ ਕਤਲ ਦੀ ਪੂਰੀ ਜ਼ਿੰਮੇਵਾਰੀ ਨਿਹੰਗ ਸਰਬਜੀਤ ਸਿੰਘ ਨੇ ਲੈ ਲਈ ਹੈ ਤੇ ਅਪਣੇ ਆਪ ਨੂੰ ਆਤਮਸਮਰਪਣ ਕਰ ਦਿੱਤਾ ਹੈ। ਹਰਿਆਣਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਦੌਰਾਨ ਇਕ 35 ਸਾਲਾ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ ਦੇ ਚਲਦਿਆਂ ਨਿਹੰਗ ਸਿੰਘਾਂ ਨੇ ਬੇਅਦਬੀ ਕਰਨ ਵਾਲੇ ਵਿਅਕਤੀ ਦਾ ਗੁੱਟ ਤੇ ਲੱਤ ਵੱਢ ਦਿੱਤੀ, ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਨਿਹੰਗਾਂ ਨੇ ਦੋਸ਼ ਲਗਾਇਆ ਹੈ ਕਿ ਵਿਅਕਤੀ ਨੇ ਪੈਸੇ ਲੈ ਕੇ ਬੇਅਦਬੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਵਿਅਕਤੀ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ।

ਨਿਹੰਗ ਸਿੰਘਾਂ ਦੇ ਇਕ ਸਮੂਹ ਨੂੰ ਕਥਿਤ ਤੌਰ 'ਤੇ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਕਲਿੱਪ ’ਚ ਕੁਝ ਨਿਹੰਗਾਂ ਨੂੰ ਖੂਨ ਨਾਲ ਲੱਥ-ਪੱਥ ਪਏ ਇਕ ਨੌਜਵਾਨ ਕੋਲ ਖੜ੍ਹੇ ਵੇਖਿਆ ਗਿਆ ਅਤੇ ਉਸ ਦਾ ਖੱਬਾ ਹੱਥ ਕੱਟਿਆ ਹੋਇਆ ਪਿਆ ਹੈ।
ਇਸ ਵੀਡੀਓ ਕਲਿੱਪ ’ਚ ਨਿਹੰਗਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮ੍ਰਿਤਕ ਨੂੰ ਸਿੱਖਾਂ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਸਜ਼ਾ ਦਿੱਤੀ ਗਈ ਹੈ।

ਘਟਨਾ ਸਬੰਧੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਜਦੋਂ ਲਾਸ਼ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ’ਤੇ ਮੌਜੂਦ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਪੁਲਿਸ ਵੱਲੋਂ ਗੱਲਬਾਤ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸੋਨੀਪਤ ਦੇ ਇਕ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਮ੍ਰਿਤਕ ਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਚੀਮਾਖੁਰਦ ਨਿਵਾਸੀ ਲਖਬੀਰ ਸਿੰਘ ਦੇ ਰੂਪ ਵਿਚ ਕੀਤੀ।  

ਇਸ ਦੇ ਨਾਲ ਹੀ ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਹੱਥ ਵਿਚ ਚੁੱਕ ਕੇ ਇਹ ਕਹਿ ਰਿਹਾ ਸੀ ਕਿ ਉਹ ਉੱਥੋ ਸੁੱਕਾ ਚਲ ਜਾਵੇਗਾ ਪਰ ਨਹੀਂ ਸਿੰਘਾਂ ਦੇ ਹੁੰਦਿਆਂ ਇਹ ਕਦੇ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਸਰਬਜੀਤ ਸਿੰਘ ਦੇ ਨਾਲ ਮੌਜੂਦ ਇਕ ਸਿੰਘ ਨੇ ਕਿਹਾ ਕਿ ਅੱਜ ਜੋ ਕਿਸਾਨੀ ਮੋਰਚੇ ਵਿਚ ਉਸ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਤੇ ਸਾਡੇ ਨਿਹੰਗ ਸਿੰਘ ਨੇ ਉਸ ਨੂੰ ਸੋਧਾ ਲਾਇਆ ਹੈ, ਸਾਡੀ ਪੰਥ ਨੂੰ ਇਸ 'ਤੇ ਮਾਣ ਹੈ। ਉਹਨਾਂ ਕਿਹਾ ਕਿ ਅਸੀਂ ਇਸ ਕਿਸਾਨੀ ਅੰਦੋਲਨ ਨੂੰ ਤਾਰੋਪੀੜ ਨਹੀਂ ਹੋਣ ਦੇਵਾਂਗੇ ਤੇ ਹੁਣ ਵੀ ਕੋਈ ਹੋਰ ਆਇਆ ਤਾਂ ਉਹ ਅਪਣਾ ਸੋਚ ਸਮਝ ਕੇ ਆਏ, ਅਸੀਂ ਇਸ ਅੰਦੋਲਨ ਵਿਚ ਕੋਈ ਵੀ ਸ਼ਰਾਰਤੀ ਨਹੀਂ ਆਉਣ ਦੇਣਾ। ਨਿਹੰਗ ਸਿੰਘ ਨੇ ਕਿਹਾ ਕਿ ਅਸੀਂ ਇਸ ਯੋਧੇ ਨੂੰ ਪੁਲਿਸ ਦੇ ਹਵਾਲੇ ਕਰ ਤਾਂ ਰਹੇ ਹਾਂ ਪਰ ਅਸੀਂ ਵਧੀਆ ਤੋਂ ਵਧੀਆ ਵਕੀਲ ਕਰ ਕੇ ਅਪਣੇ ਇਸ ਯੋਧੇ ਨਿਹੰਗ ਸਿੰਘ ਨੂੰ ਪੂਰੇ ਮਾਣ ਸਨਮਾਨ ਨਾਲ ਬਾਹਰ ਲੈ ਕੇ ਆਵਾਂਗੇ।