ਸੌਦਾ ਸਾਧ ਆਇਆ ਜੇਲ੍ਹ ਤੋਂ ਬਾਹਰ, ਹਰਜੀਤ ਗਰੇਵਾਲ ਬੋਲੇ- ਕਾਨੂੰਨ ਲਈ ਖ਼ਤਰਾ ਨਹੀਂ ਹੈ ਸੌਦਾ ਸਾਧ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗਿਆਨੀ ਹਰਪ੍ਰੀਤ ਸਿੰਘ ਬੋਲੇ ਇੱਕ ਬਲਾਤਕਾਰੀ ਲਈ ਦੇਸ਼ ਦਾ ਕਾਨੂੰਨ ਵੱਖਰਾ ਅਤੇ ਬੰਦੀ ਸਿੰਘਾਂ ਲਈ ਵੱਖਰਾ

Harjeet Grewal, Sauda Saadh

 

ਕਰਨਾਲ - ਹਰਿਆਣਾ ਵਿਚ ਆਦਮਪੁਰ ਉਪ ਚੋਣ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਸੌਦਾ ਸਾਧ ਜੇਲ੍ਹ ਤੋਂ ਬਾਹਰ ਆ ਗਿਆ ਹੈ। ਸ਼ਨੀਵਾਰ ਸਵੇਰੇ ਉਹ ਸੁਨਾਰੀਆ ਜੇਲ੍ਹ ਛੱਡ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਪਹੁੰਚਿਆ। ਉੱਥੇ ਪਹੁੰਚਣ ਤੋਂ ਬਾਅਦ ਸੌਦਾ ਸਾਧ ਨੇ 2 ਮਿੰਟ 15 ਸੈਕਿੰਡ ਦਾ ਵੀਡੀਓ ਸੰਦੇਸ਼ ਜਾਰੀ ਕੀਤਾ।

ਜਿਸ 'ਚ ਸੌਦਾ ਸਾਧ ਨੇ ਇਸ਼ਾਰਿਆਂ 'ਚ ਚੋਣ ਸੰਦੇਸ਼ ਦਿੱਤਾ ਸੀ। ਸੌਦਾ ਸਾਧ ਨੇ ਕਿਹਾ ਕਿ ਜਿਵੇਂ ਤੁਹਾਨੂੰ ਕਿਹਾ ਹੈ, ਵਿਸ਼ਵਾਸ ਰੱਖੋ। ਜੋ ਵੀ ਜ਼ਿੰਮੇਵਾਰ ਲੋਕ ਤੁਹਾਨੂੰ ਕਰਨ ਲਈ ਕਹਿੰਦੇ ਹਨ, ਉਹ ਕਰੋ। ਕੁਝ ਵੀ ਆਪਣੀ ਮਰਜ਼ੀ ਨਾਲ ਕਰਨ ਦੀ ਲੋੜ ਨਹੀਂ ਹੈ। ਇਸ ਵਾਰ ਸੌਦਾ ਸਾਧ ਪਹਿਲੀ ਵਾਰ ਜੇਲ੍ਹ ਤੋਂ ਬਾਹਰ ਰਹਿ ਕੇ ਦੀਵਾਲੀ ਮਨਾਏਗਾ।  

ਦੱਸ ਦਈਏ ਕਿ ਸੌਦਾ ਸਾਧ ਨੂੰ 40 ਦਿਨ ਦੀ ਪੈਰੋਲ ਮਿਲੀ ਹੈ। ਪੈਰੋਲ ਦੌਰਾਨ ਉਹ ਬਾਗਪਤ ਆਸ਼ਰਮ ਵਿਚ ਰਹੇਗਾ। ਹਾਲਾਂਕਿ ਸੌਦਾ ਸਾਧ ਸਿਰਸਾ ਦੇ ਆਸ਼ਰਮ ਵਿਚ ਰਹਿਣਾ ਚਾਹੁੰਦਾ ਸੀ ਪਰ ਸਰਕਾਰ ਇਸ ਲਈ ਰਾਜੀ ਨਹੀਂ ਹੋਈ।  ਜ਼ਿਕਰਯੋਗ ਹੈ ਕਿ ਸੌਦਾ ਸਾਧ ਨੂੰ ਇਸ ਤੋਂ ਪਹਿਲਾਂ ਫਰਵਰੀ 2022 ਅਤੇ ਫਿਰ ਜੂਨ ਵਿਚ ਪੈਰੋਲ ਮਿਲੀ ਸੀ। 

ਦੱਸ ਦਈਏ ਕਿ ਸੌਦਾ ਸਾਧ ਦੀ ਇਸ ਪੈਰੋਲ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇੱਕ ਬਲਾਤਕਾਰੀ ਲਈ ਦੇਸ਼ ਦਾ ਕਾਨੂੰਨ ਵੱਖਰਾ ਲੱਗ ਰਿਹਾ ਹੈ ਅਤੇ ਬੰਦੀ ਸਿੰਘ ਜਿੰਨਾਂ ਨੇ ਆਪਣੀ ਸਜਾਵਾਂ ਪੂਰੀਆਂ ਕਰ ਲਈਆਂ ਹਨ, ਉਹਨਾਂ ਲਈ ਕਾਨੂੰਨ ਕਿਉਂ ਵੱਖਰਾ ਬਣਾਇਆ ਜਾ ਰਿਹਾ ਹੈ। 

ਇਸ ਦੇ ਜਵਾਬ ਵਿਚ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਹੈ। ਕਾਨੂੰਨ ਲਈ ਸੌਦਾ ਸਾਧ ਕੋਈ ਖ਼ਤਰਾ ਨਹੀਂ ਹੈ। ਜਥੇਦਾਰ ਵੱਲੋਂ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਸਹੀ ਨਹੀਂ ਹੈ। ਉਹਨਾਂ ਤੋਂ ਬਹੁਤ ਸਾਰੇ ਲੋਕ ਪ੍ਰੇਰਨਾ ਲੈਂਦੇ ਹਨ। ਜਿਹੜੇ ਬੰਦੀ ਸਿੰਘਾਂ ਦੀ ਗੱਲ ਜਥੇਦਾਰ ਜੀ  ਕਰ ਰਹੇ ਹਨ, ਉਹ ਵੀ ਇੱਕ ਹਿਸਾਬ ਦੇ ਕ੍ਰਿਮੀਨਲ ਸੀ। ਕਿਸੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਹੱਤਿਆ ਕਰ ਦੇਣਾ ਅਸੀਂ ਇਸ ਦੀ ਪ੍ਰੰਸ਼ਸਾ ਨਹੀਂ ਕਰ ਸਕਦੇ ਹਾਂ। ਹਰਜੀਤ ਗਰੇਵਾਲ ਨੇ ਕਿਹਾ ਜਿਹਨਾਂ ਨੂੰ ਲੱਗਦਾ ਹੈ ਕਿ ਇਹ ਗਲਤ ਹੈ, ਉਹ ਅਦਾਲਤ ਵਿੱਚ ਜਾ ਸਕਦੇ ਹਨ, ਕਾਨੂੰਨ ਸਭ ਲਈ ਬਰਾਬਰ ਹੈ।