ਜੰਮੂ-ਕਸ਼ਮੀਰ : ਬਾਰੂਦੀ ਸੁਰੰਗ ’ਚ ਧਮਾਕਾ, ਫੌਜ ਦਾ ਇਕ ਜਵਾਨ ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਈਫਲਮੈਨ ਗੁਰਚਰਨ ਸਿੰਘ ਨੂੰ ਹਵਾਈ ਜਹਾਜ਼ ਰਾਹੀਂ ਊਧਮਪੁਰ ਦੇ ਕਮਾਂਡ ਹਸਪਤਾਲ ਲਿਜਾਇਆ ਗਿਆ

Representative Image.

ਰਾਜੌਰੀ/ਜੰਮੂ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਐਤਵਾਰ ਨੂੰ ਬਾਰੂਦੀ ਸੁਰੰਗ ਧਮਾਕੇ ਵਿਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀ ਨੇ ਦਸਿਆ ਕਿ ਰਾਈਫਲਮੈਨ ਗੁਰਚਰਨ ਸਿੰਘ ਨੌਸ਼ਹਿਰਾ ਸੈਕਟਰ ਦੇ ਕਲਸੀਆਂ ਪਿੰਡ ’ਚ ਗਸ਼ਤ ’ਤੇ ਸੀ, ਜਦੋਂ ਉਸ ਨੇ ਗਲਤੀ ਨਾਲ ਬਾਰੂਦੀ ਸੁਰੰਗ ’ਤੇ ਕਦਮ ਰਖਿਆ। ਉਨ੍ਹਾਂ ਕਿਹਾ ਕਿ ਸਿੱਖ ਲਾਈਟ ਇਨਫ਼ੈਂਟਰੀ ਨਾਲ ਸਬੰਧਤ ਸਿਪਾਹੀ ਨੂੰ ਨਜ਼ਦੀਕੀ ਫ਼ੌਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਹਵਾਈ ਜਹਾਜ਼ ਰਾਹੀਂ ਊਧਮਪੁਰ ਦੇ ਕਮਾਂਡ ਹਸਪਤਾਲ ਲਿਜਾਇਆ ਗਿਆ।

ਘੁਸਪੈਠ ਵਿਰੋਧੀ ਰਣਨੀਤੀ ਦੇ ਹਿੱਸੇ ਵਜੋਂ, ਫੌਜ ਹਥਿਆਰਬੰਦ ਘੁਸਪੈਠੀਆਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਸੰਭਾਵੀ ਘੁਸਪੈਠ ਦੇ ਰਸਤਿਆਂ ’ਤੇ ਬਾਰੂਦੀ ਸੁਰੰਗਾਂ ਵਿਛਾਉਂਦੀ ਹੈ। ਕਈ ਵਾਰ ਮੀਂਹ ਆਦਿ ਕਾਰਨ ਇਨ੍ਹਾਂ ਬਾਰੂਦੀ ਸੁਰੰਗਾਂ ਦੀ ਥਾਂ ਬਦਲ ਜਾਂਦੀ ਹੈ ਅਤੇ ਅਚਾਨਕ ਧਮਾਕੇ ਹੋ ਜਾਂਦੇ ਹਨ।