ਪਾਕਿਸਤਾਨੀ ਖਿਡਾਰੀਆਂ ਸਾਹਮਣੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲੱਗਣ 'ਤੇ ਉਧਿਆਨਿਧੀ ਹੈਰਾਨ, ਪ੍ਰਸ਼ੰਸਕਾਂ ਨੂੰ ਪਾਈ ਝਾੜ
ਉਹਨਾਂ ਨੇ ਟਵੀਟ ਕਰਕੇ ਆਪਣਾ ਇਤਰਾਜ਼ ਜ਼ਾਹਰ ਕੀਤਾ ਅਤੇ ਭਾਰਤੀ ਪ੍ਰਸ਼ੰਸਕਾਂ 'ਤੇ ਨਿਸ਼ਾਨਾ ਸਾਧਿਆ।
ਨਵੀਂ ਦਿੱਲੀ - ਟੀਮ ਇੰਡੀਆ ਨੇ ਸ਼ਨੀਵਾਰ ਨੂੰ ਖੇਡੇ ਗਏ ਵਿਸ਼ਵ ਕੱਪ ਮੈਚ 'ਚ ਪਾਕਿਸਤਾਨ 'ਤੇ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋਈ। ਮੈਚ ਦੇ ਕਈ ਵੀਡੀਓ ਵੀ ਸਾਹਮਣੇ ਆਏ ਸਨ।
ਜਿਸ ਵਿਚ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਹੁਣ ਇਸ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦੇ ਪੁੱਤਰ ਉਧਿਆਨਿਧੀ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ। ਸਟੇਡੀਅਮ 'ਚ ਜੈ ਸ਼੍ਰੀ ਰਾਮ ਦੇ ਨਾਅਰੇ ਲੱਗਣ 'ਤੇ ਉਧਿਆਨਿਧੀ ਸਟਾਲਿਨ ਦੰਗ ਰਹਿ ਗਏ। ਉਹਨਾਂ ਨੇ ਟਵੀਟ ਕਰਕੇ ਆਪਣਾ ਇਤਰਾਜ਼ ਜ਼ਾਹਰ ਕੀਤਾ ਅਤੇ ਭਾਰਤੀ ਪ੍ਰਸ਼ੰਸਕਾਂ 'ਤੇ ਨਿਸ਼ਾਨਾ ਸਾਧਿਆ।
ਉਧਿਆਨਿਧੀ ਸਟਾਲਿਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਐਕਸ 'ਤੇ ਵੀਡੀਓ ਸ਼ੇਅਰ ਕੀਤਾ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਮੁਹੰਮਦ ਰਿਜ਼ਵਾਨ ਆਊਟ ਹੋ ਕੇ ਪੈਵੇਲੀਅਨ ਵੱਲ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ। ਉਧਿਆਨਿਧੀ ਨੇ ਲਿਖਿਆ, “ਭਾਰਤ ਆਪਣੀ ਖੇਡ ਭਾਵਨਾ ਅਤੇ ਪਰਾਹੁਣਚਾਰੀ ਲਈ ਮਸ਼ਹੂਰ ਹੈ। ਹਾਲਾਂਕਿ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਪਾਕਿਸਤਾਨੀ ਖਿਡਾਰੀਆਂ ਨਾਲ ਕੀਤਾ ਗਿਆ ਸਲੂਕ ਅਸਵੀਕਾਰਨਯੋਗ ਹੈ ਅਤੇ ਇੱਕ ਨੀਵਾਂ ਸਤਰ ਹੈ।
ਭਾਰਤੀ ਪ੍ਰਸ਼ੰਸਕਾਂ ਨੂੰ ਹੋਰ ਨਿਸ਼ਾਨਾ ਬਣਾਉਂਦੇ ਹੋਏ, ਉਹਨਾਂ ਨੇ ਕਿਹਾ, “ਖੇਡਾਂ ਨੂੰ ਦੇਸ਼ਾਂ ਵਿਚ ਏਕਤਾ ਬਣਾਉਣ ਵਾਲੀ ਸ਼ਕਤੀ ਬਣਨਾ ਚਾਹੀਦਾ ਹੈ ਅਤੇ ਸੱਚੇ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਨੂੰ ਨਫ਼ਰਤ ਫੈਲਾਉਣ ਲਈ ਇੱਕ ਸਾਧਨ ਵਜੋਂ ਵਰਤਣਾ ਨਿੰਦਣਯੋਗ ਹੈ।”