ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਅਮਿਤ ਸ਼ਾਹ ਨੇ ਸੰਭਾਲੀ ਕਮਾਨ, ਬੁਲਾਈ ਮੀਟਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਤਵਾਰ ਸ਼ਾਮ ਪੰਜ ਵਜੇ ਹੋਵੇਗੀ ਹਾਈ ਪਾਵਰ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

Amit Shah

ਨਵੀਂ ਦਿੱਲੀ: ਦਿੱਲੀ ਵਿਚ ਕਰੋਨਾ ਕੇਸਾਂ ਦੇ ਮੁੜ ਵਧਣ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਹਨ। ਕਰੋਨਾ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵੀ ਸਰਗਰਮ ਹੋ ਗਈ ਹੈ।  ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕਰੋਨਾ ਨਾਲ ਨਜਿੱਠਣ ਲਈ ਵਾਰ ਫਿਰ ਤੋਂ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਐਤਵਾਰ ਸ਼ਾਮ ਪੰਜ ਵਜੇ ਹਾਈ ਪਾਵਰ ਕੋਆਰਡੀਨੇਸ਼ਨ ਕਮੇਟੀ ਦੀ ਬੈਠਕ ਬੁਲਾ ਲਈ ਹੈ। ਇਹ ਮੀਟਿੰਗ ਗ੍ਰਹਿ ਮੰਤਰਾਲੇ ‘ਚ ਹੋਵੇਗੀ। ਇਸ ਬੈਠਕ ‘ਚ ਕੇਂਦਰੀ ਗ੍ਰਹਿ ਸਕੱਤਰ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਨੀਤੀ ਕਮਿਸ਼ਨ ਦੇ ਮੈਂਬਰ ਵੀਕੇ ਪੌਲ ਮੌਜੂਦ ਰਹਿਣਗੇ।

ਮੀਟਿੰਗ ‘ਚ ਦਿੱਲੀ ‘ਚ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਰੋਕਣ ਲਈ ਉਪਾਵਾਂ ਬਾਰੇ ਚਰਚਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਖਬਰ ਸਾਹਮਣੇ ਆਈ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਹਿਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ‘ਚ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਚਲਾਏ ਜਾਂਦੇ ਹਸਪਤਾਲਾਂ ‘ਚ ਵਾਧੂ ਬੈੱਡਾਂ ਦੀ ਅਪੀਲ ਨੂੰ ਲੈ ਕੇ ਅਗਲੇ ਹਫਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ।

ਦਰਅਸਲ ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪਿਛਲੇ 24 ਘੰਟੇ ‘ਚ ਕੋਰੋਨਾ ਦੇ 7,340 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਕੋਰੋਨਾ ਕਾਰਨ 96 ਲੋਕਾਂ ਦੀ ਮੌਤ ਹੋਈ ਹੈ। ਦਿੱਲੀ ‘ਚ ਹੁਣ ਤਕ ਕੋਰੋਨਾ ਨਲ 7519 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਮਰੀਜਾਂ ਦਾ ਕੁੱਲ ਅੰਕੜਾ 4,82,170 ਹੋ ਗਿਆ ਹੈ।

ਭਾਵੇਂ ਕਰੋਨਾ ਦੇ ਖਤਰੇ ਨੂੰ ਵੇਖਦਿਆਂ ਦਿੱਲੀ ਵਿਚ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿਤਾ ਗਿਆ ਸੀ, ਇਸ ਦੇ ਬਾਵਜੂਦ ਬੀਤੀ ਰਾਤ ਦੀਵਾਲੀ ਮੌਕੇ ਪਟਾਕਿਆਂ ਦੀ ਵੱਡੇ ਪੱਧਰ ‘ਤੇ ਵਰਤੋਂ ਹੋਈ ਹੈ। ਇਸੇ ਤਰ੍ਹਾਂ ਸਰਦੀ ਦੇ ਮੌਸਮ ‘ਚ ਵੀ ਕਰੋਨਾ ਦੇ ਵਧੇਰੇ ਫੈਲਣ ਦੇ ਅੰਦਾਜ਼ੇ ਲੱਗਦੇ ਰਹੇ ਹਨ। ਠੰਡ ਦੇ ਵਧਣ ਦੇ ਨਾਲ-ਨਾਲ ਕਰੋਨਾ ਦੇ ਵਧਣ ਦੀਆਂ ਸ਼ੰਕਾਵਾ ਤਹਿਤ ਦਿੱਲੀ ਸਰਕਾਰ ਵਲੋਂ ਵੀ ਵਿਸ਼ੇਸ਼ ਕਦਮ ਚੁਕੇ ਜਾ ਰਹੇ ਹਨ।