ਚੰਡੀਗੜ੍ਹ 'ਚ 2 ਹਜ਼ਾਰ ਪਿੱਛੇ ਦੋਸਤ ਨੇ ਦੋਸਤ ਦਾ ਕੀਤਾ ਕਤਲ
ਸੀਸੀਟੀਵੀ 'ਚ ਕੈਦ ਹੋਈ ਕਤਲ ਦੀ ਪੂਰੀ ਵਾਰਦਾਤ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-32 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਨੌਜਵਾਨਾਂ 'ਚ ਵਿਚਾਲੇ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਸੈਕਟਰ-32 ਦੇ ਰਹਿਣ ਵਾਲੇ ਅਭੀ (20) ਨੇ ਆਪਣੇ ਦੋਸਤ ਨਿਖਿਲ ਉਰਫ ਧੋਬੀ (18) ਵਾਸੀ ਸੈਕਟਰ-32 ਕਲੋਨੀ ਨੂੰ ਚਾਕੂ ਦੇ ਕਈ ਵਾਰ ਮਾਰ ਕੇ ਜ਼ਖਮੀ ਕਰ ਦਿੱਤਾ।
ਇਸ ਦੌਰਾਨ ਲੋਕ ਮੂਕ ਦਰਸ਼ਕ ਬਣੇ ਆਪਣੀਆਂ ਜੇਬਾਂ 'ਚ ਹੱਥ ਰੱਖ ਕੇ ਘੁੰਮਦੇ ਰਹੇ, ਜਦਕਿ ਇਕ ਨੌਜਵਾਨ ਸਾਰੀ ਲੜਾਈ ਦੀ ਵੀਡੀਓ ਬਣਾਉਂਦਾ ਰਿਹਾ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਘਟਨਾ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਦੋਸ਼ੀ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਦੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਨਿਖਿਲ ਧੋਬੀ ਘਾਟ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਪੇਂਟਰ ਹਨ। ਅਭੀ ਨਾਂ ਦਾ ਮੁੰਡਾ ਨਿਖਿਲ ਦਾ ਦੋਸਤ ਸੀ। ਨਿਖਿਲ ਨੇ ਅਭੀ ਨੂੰ ਇਕ ਮੋਟਰਸਾਈਕਲ ਵੇਚਿਆ ਸੀ।
ਅਭੀ ਨੇ ਮੋਟਰਸਾਈਕਲ ਦੀ ਰਕਮ 'ਚੋਂ 2 ਹਜ਼ਾਰ ਰੁਪਏ ਰੋਕ ਦਿੱਤੇ ਸਨ, ਜੋ ਨਿਖਿਲ ਮੰਗ ਰਿਹਾ ਸੀ। ਇਸ ਨੂੰ ਲੈ ਕੇ ਦੋਹਾਂ ਵਿਚਕਾਰ ਐਤਵਾਰ ਸਵੇਰੇ ਵੀ ਝਗੜਾ ਹੋਇਆ ਅਤੇ ਦੋਹਾਂ ਨੇ ਇਕ-ਦੂਜੇ ਨੂੰ ਧਮਕੀ ਦਿੱਤੀ। ਸ਼ਾਮ ਨੂੰ ਨਿਖਿਲ ਅਤੇ ਅਭੀ ਵਿਚਕਾਰ ਇਹ ਝਗੜਾ ਵੱਧ ਗਿਆ। ਜਿਸ ਤੋਂ ਬਾਅਦ ਨਿਖਿਲ ਨੇ ਅਭੀ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।