ਕੇਰਲ ਦੀ 104 ਸਾਲਾ ਬਜ਼ੁਰਗ ਔਰਤ ਨੇ ਪ੍ਰੀਖਿਆ 'ਚ 89 ਫੀਸਦੀ ਅੰਕ ਕੀਤੇ ਹਾਸਲ
ਗਿਆਨ ਦੀ ਦੁਨੀਆ 'ਚ ਪ੍ਰਵੇਸ਼ ਕਰਨ ਲਈ ਉਮਰ ਕੋਈ ਰੁਕਾਵਟ ਨਹੀਂ
ਕੋਚੀ: ਸਾਖਰਤਾ ਦੇ ਮਾਮਲੇ ਵਿੱਚ ਕੇਰਲ ਦੇਸ਼ ਦਾ ਮੋਹਰੀ ਰਾਜ ਹੈ। ਕੇਰਲ ਦੇ ਸਿੱਖਿਆ ਮੰਤਰੀ ਵਾਸੂਦੇਵਨ ਸ਼ਿਵਨਕੁਟੀ ਨੇ ਸ਼ੁੱਕਰਵਾਰ ਨੂੰ ਰਾਜ ਸਰਕਾਰ ਦੀ ਨਿਰੰਤਰ ਸਿੱਖਿਆ ਪਹਿਲਕਦਮੀ ਦੁਆਰਾ ਕਰਵਾਈ ਗਈ ਪ੍ਰੀਖਿਆ ਵਿੱਚ ਵਧੀਆ ਅੰਕ ਹਾਸਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ 104 ਸਾਲਾ ਕੁਟਿਯੰਮਾ ਦੀ ਤਸਵੀਰ ਪੋਸਟ ਕੀਤੀ।
ਉਨ੍ਹਾਂ ਨੇ ਲਿਖਿਆ, "ਕੋਟਿਯਮ ਦੀ 104 ਸਾਲਾ ਕੁਟਿਯੰਮਾ ਨੇ ਕੇਰਲ ਰਾਜ ਸਾਖਰਤਾ ਮਿਸ਼ਨ ਦੀ ਪ੍ਰੀਖਿਆ 'ਚ 89/100 ਅੰਕ ਹਾਸਲ ਕੀਤੇ ਹਨ। ਗਿਆਨ ਦੀ ਦੁਨੀਆ 'ਚ ਪ੍ਰਵੇਸ਼ ਕਰਨ ਲਈ ਉਮਰ ਕੋਈ ਰੁਕਾਵਟ ਨਹੀਂ ਹੈ।
ਬਹੁਤ ਹੀ ਸਤਿਕਾਰ ਅਤੇ ਪਿਆਰ ਦੇ ਨਾਲ, ਮੈਂ ਕੁਟਿਯੰਮਾ ਅਤੇ ਹੋਰਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਰੇ ਨਵੇਂ ਸਿਖਿਆਰਥੀਆਂ ਲਈ ਸ਼ੁੱਭਕਾਮਨਾਵਾਂ।"
ਕੇਰਲ ਰਾਜ ਸਾਖਰਤਾ ਮਿਸ਼ਨ ਅਥਾਰਟੀ ਨੂੰ ਰਾਜ ਸਰਕਾਰ ਦੁਆਰਾ ਫੰਡ ਦਿੱਤਾ ਜਾਂਦਾ ਹੈ ਅਤੇ ਇਸਦਾ ਉਦੇਸ਼ ਸਾਰੇ ਨਾਗਰਿਕਾਂ ਲਈ ਸਾਖਰਤਾ, ਨਿਰੰਤਰ ਸਿੱਖਿਆ ਅਤੇ ਜੀਵਨ ਭਰ ਸਿੱਖਣ ਨੂੰ ਉਤਸ਼ਾਹਿਤ ਕਰਨਾ ਹੈ। ਵਰਤਮਾਨ ਵਿੱਚ, ਇਹ 4ਵੀਂ, 7ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਲਈ ਸਮਾਨਤਾ ਪ੍ਰੋਗਰਾਮ ਚਲਾਉਂਦਾ ਹੈ।