ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਿਸ, 13 ਟੁਕੜੇ ਬਰਾਮਦ
ਵਿਆਹ ਨੂੰ ਲੈ ਕੇ ਝਗੜਾ ਹੋਣ ਮਗਰੋਂ ਕੀਤਾ ਕਤਲ
ਨਵੀਂ ਦਿੱਲੀ- ਦਿੱਲੀ ਪੁਲਿਸ ਮੰਗਲਵਾਰ ਨੂੰ ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਲੈ ਕੇ ਮਹਿਰੌਲੀ ਦੇ ਜੰਗਲ ਪਹੁੰਚੀ। ਆਫਤਾਬ 'ਤੇ ਲਿਵ-ਇਨ ਪਾਰਟਨਰ 26 ਸਾਲਾ ਸ਼ਰਧਾ ਦੀ ਹੱਤਿਆ ਦਾ ਦੋਸ਼ ਹੈ। ਆਫਤਾਬ ਨੇ ਕਬੂਲ ਕੀਤਾ ਕਿ ਕਤਲ ਤੋਂ ਬਾਅਦ ਉਸ ਨੇ ਲਾਸ਼ ਦੇ 35 ਟੁਕੜੇ ਕਰ ਕੇ ਜੰਗਲ 'ਚ ਸੁੱਟ ਦਿੱਤੇ ਸਨ। ਪੁਲਿਸ ਨੇ ਜੰਗਲ ਵਿਚੋਂ 13 ਟੁਕੜੇ ਬਰਾਮਦ ਕਰ ਲਏ ਹਨ ਪਰ ਫੋਰੈਂਸਿਕ ਜਾਂਚ ਮਗਰੋਂ ਹੀ ਪੁਸ਼ਟੀ ਹੋ ਸਕੇਗੀ ਕਿ ਕੀ ਇਹ ਪੀੜਤਾ ਨਾਲ ਜੁੜੇ ਹਨ। ਪੁਲਿਸ ਨੂੰ ਅਜੇ ਤੱਕ ਕਤਲ ’ਚ ਇਸਤੇਮਾਲ ਹਥਿਆਰ ਨਹੀਂ ਮਿਲਿਆ ਹੈ।
ਆਫਤਾਬ ਨੇ ਜਾਂਚ ਦੌਰਾਨ ਪੁਲਿਸ ਨੂੰ ਦੱਸਿਆ ਕਿ ਵਿਆਹ ਨੂੰ ਲੈ ਕੇ ਝਗੜਾ ਹੋਣ ਮਗਰੋਂ ਉਸ ਨੇ ਸ਼ਰਧਾ ਵਾਕਰ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਟੁਕੜਿਆਂ ’ਚ ਕੱਟਣ ਦਾ ਵਿਚਾਰ ਇਕ ਅਮਰੀਕੀ ਟੈਲੀਵਿਜ਼ਨ ਸੀਰੀਜ਼ ਤੋਂ ਆਇਆ ਸੀ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਲਾਸ਼ ਦੇ ਟੁਕੜਿਆਂ ਨੂੰ ਰੱਖਣ ਇਕ ਵੱਡਾ ਫਰਿੱਜ ਖਰੀਦਿਆ ਅਤੇ ਉਹ ਇਨ੍ਹਾਂ ਟੁਕੜਿਆਂ ਨੂੰ ਸੁੱਟਣ ਲਈ ਅੱਧੀ ਰਾਤ ਨੂੰ ਨਿਕਲਦਾ ਸੀ। ਆਫਤਾਬ ਅਤੇ ਸ਼ਰਧਾ ਡੇਟਿੰਗ ਐਪ ਜ਼ਰੀਏ ਇਕ-ਦੂਜੇ ਦੇ ਸੰਪਰਕ ਵਿਚ ਆਏ ਸਨ ਅਤੇ ਬਾਅਦ ’ਚ ਦੋਵੇਂ ਮੁੰਬਈ ’ਚ ਇਕ ਕਾਲ ਸੈਂਟਰ ’ਚ ਕੰਮ ਕਰਨ ਲੱਗੇ ਅਤੇ ਦੋਹਾਂ ਨੂੰ ਪਿਆਰ ਹੋ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਇਸ ਸਾਲ ਮਈ ਵਿਚ ਦੱਖਣੀ ਦਿੱਲੀ ਵਿਚ ਮਹਿਰੌਲੀ ਚਲੇ ਗਏ ਸਨ, ਜਦੋਂ ਉਨ੍ਹਾਂ ਦੇ ਪਰਿਵਾਰਾਂ ਨੇ ਵੱਖ-ਵੱਖ ਧਰਮ ਹੋਣ ਕਾਰਨ ਦੋਵਾਂ ਦੇ ਰਿਸ਼ਤੇ ਦਾ ਵਿਰੋਧ ਕੀਤਾ। ਆਫਤਾਬ, ਸ਼ਰਧਾ ਨੂੰ ਵਿਆਹ ਦਾ ਝਾਂਸਾ ਦੇ ਕੇ ਦਿੱਲੀ ਲੈ ਕੇ ਆਇਆ ਸੀ। ਸ਼ਰਧਾ ਵੱਲੋਂ ਵਿਆਹ ਦਾ ਦਬਾਅ ਬਣਾਉਣ ’ਤੇ ਆਫਤਾਬ ਨੇ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ।