Nowgam Police Station ’ਚ ਹੋਏ ਧਮਾਕੇ ਦਾ ਸਬੰਧ ਅੱਤਵਾਦੀ ਗਤੀਵਿਧੀ ਨਾਲ ਨਹੀਂ : ਡੀ.ਜੀ.ਪੀ. ਨਲਿਨ ਪ੍ਰਭਾਤ
ਧਮਾਕੇ ਦੌਰਾਨ ਹੋਏ ਨੁਕਸਾਨ ਦਾ ਕੀਤਾ ਜਾ ਰਿਹਾ ਹੈ ਮੁਲਾਂਕਣ
ਜੰਮੂ : ਸ੍ਰੀਨਗਰ ਦੀ ਸ਼ਾਂਤ ਰਾਤ ਉਸ ਸਮੇਂ ਦਹਿਸ਼ਤ ’ਚ ਬਦਲ ਗਈ ਜਦੋਂ ਨੌਗਾਮ ਪੁਲਿਸ ਸਟੇਸ਼ਨ ’ਚ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਇਹ ਘਟਨਾ ਕਿਸੇ ਅੱਤਵਾਦੀ ਹਮਲੇ ਨਾਲ ਜੁੜੀ ਹੋਈ ਨਹੀਂ ਸਲ, ਬਲਕਿ ਇਕ ਗਲਤੀ ਦਾ ਨਤੀਜਾ ਸੀ, ਜਿਸ ਨੇ ਵਿਅਕਤੀਆਂ ਦੀ ਜਾਨ ਲੈ ਲਈ। ਫੋਰੈਂਸਿਕ ਜਾਂਚ ਦੌਰਾਨ ਹੋਏ ਇਸ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪੁਲਿਸ ਵਿਭਾਗ ਤੋਂ ਲੈ ਕੇ ਗ੍ਰਹਿ ਮੰਤਰਾਲੇ ਤੱਕ ਨੂੰ ਸਥਿਤੀ ਸਪੱਸ਼ਟ ਕਰਨ ਲਈ ਸਾਹਮਣੇ ਆਉਣਾ ਪਿਆ।
ਧਮਾਕੇ ਦੇ ਕੁੱਝ ਦੇਰ ਮਗਰੋਂ ਹੀ ਗ੍ਰਹਿ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਨੌਗਾਮ ਪੁਲਿਸ ਨੇ ਬੀਤੇ ਦਿਨੀਂ ਡਾ. ਮਡਿਊਲ ਦਾ ਪਰਦਾਫਾਸ਼ ਕੀਤਾ ਸੀ ਅਤੇ ਫਰੀਦਬਾਦ ਤੋਂ ਬਰਾਮਦ ਕੀਤੀ ਧਮਾਕਾਖੇਜ਼ ਸਮੱਗਰੀ ਦਿੱਲੀ ਮਾਮਲੇ ਦੇ ਹਿੱਸੇ ਵਜੋਂ ਥਾਣੇ ’ਚ ਰੱਖੀ ਗਈ ਸੀ। ਗ੍ਰਹਿ ਮੰਤਰਾਲੇ ਨੇ ਸਾਫ਼ ਕਿਹਾ ਕਿ ਇਹ ਘਟਨਾ ਪੂਰੀ ਤਰ੍ਹਾਂ ਨਾਲ ਇਕ ਦੁਰਘਟਨਾ ਸੀ ਅਤੇ ਇਸ ਘਟਨਾ ਕੋਈ ਵੀ ਅੱਤਵਾਦੀ ਐਂਗਲ ਨਹੀਂ ਜੁੜਿਆ ਹੋਇਆ। ਧਮਾਕਾਖੇਜ਼ ਸਮੱਗਰੀ ਦੀ ਜਾਂਚ ਦੌਰਾਨ ਇਹ ਧਮਾਕਾ ਹੋਇਆ।
ਉਧਰ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨਲਿਨ ਪ੍ਰਭਾਤ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਅਤੇ 10 ਨਵੰਬਰ ਨੂੰ ਫਰੀਦਾਬਾਦ ਤੋਂ ਭਾਰੀ ਮਾਤਰਾ ’ਚ ਵਿਸਫੋਟਕ, ਰਸਾਇਣ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਸੀ, ਜਿਸ ਨੂੰ ਪੁਲਿਸ ਥਾਣੇ ਦੇ ਖੁੱਲ੍ਹੇ ਏਰੀਏ ’ਚ ਇਕ ਸੁਰੱਖਿਅਤ ਥਾਂ ’ਤੇ ਰੱਖਿਆ ਗਿਆ ਸੀ। ਫੋਰੈਂਸਿਕ ਟੀਮ ਪਿਛਲੇ ਦੋ ਦਿਨਾਂ ਤੋਂ ਇਨ੍ਹਾਂ ਦੇ ਨਮੂਨੇ ਲੈ ਕੇ ਜਾਂਚ ਵਿਚ ਜੁਟੀ ਹੋਈ। ਭਾਰੀ ਮਾਤਰਾ ’ਚ ਸਮੱਗਰੀ ਹੋਣ ਕਾਰਨ ਜਾਂਚ ਢਿੱਲੀ ਰਫਤਾਰ ਨਾਲ ਚੱਲ ਰਹੀ ਇਸੇ ਦੌਰਾਨ ਸ਼ੁੱਕਰਵਾਰ ਦੀ ਰਾਤ ਨੂੰ ਲਗਭਗ 11: 20 ਮਿੰਟ ’ਤੇ ਅਚਾਨਕ ਇਕ ਜ਼ੋਰਦਾਰ ਧਮਾਕਾ ਹੋਇਆ।
ਇਹ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਮੌਕੇ ’ਤੇ ਮੌਜੂਦ ਕਈ ਕਰਮਚਾਰੀ ਇਸ ਲਪੇਟ ਵਿਚ ਆ ਗਏ। ਡੀ.ਜੀ.ਪੀ. ਅਨੁਸਾਰ ਇਸ ਹਾਦਸੇ ਦੌਰਾਨ 9 ਵਿਅਕਤੀਆਂ ਦੀ ਮੌਤ ਹੋ ਗਈ। ਜਿਨ੍ਹਾਂ ’ਚ ਐਸ.ਆਈ.ਏ. ਦਾ ਇਕ ਅਧਿਕਾਰੀ, ਐਫ.ਐਸ. ਐਲ. ਟੀਮ ਦੇ ਤਿੰਨ ਮੈਂਬਰ, ਦੋ ਕ੍ਰਾਈਮ ਸੀਨ ਫੋਟੋਗ੍ਰਾਫ਼ਰ, ਦੋ ਮਾਲ ਅਧਿਕਾਰੀ ਅਤੇ ਇਕ ਦਰਜੀ ਸ਼ਾਮਲ ਹੈ ਜੋ ਟੀਮ ਦੀ ਮਦਦ ਲਈ ਮੌਜੂਦ ਸਨ। ਇਸ ਘਟਨਾ ’ਚ 27 ਪੁਲਿਸ ਕਰਮਚਾਰੀ, ਦੋ ਮਾਲ ਅਧਿਕਾਰੀ ਅਤੇ ਨੇੜਲੇ ਇਲਾਕੇ ਦੇ ਤਿੰਨ ਆਮ ਨਾਗਰਿਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੌਗਾਮ ਪੁਲਿਸ ਸਟੇਸ਼ਨ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਆਸ-ਪਾਸ ਦੀਆਂ ਕਈ ਇਮਾਰਤਾਂ ਵੀ ਇਸ ਧਮਾਕੇ ਦੀ ਲਪੇਟ ਵਿਚ ਆ ਗਈ ਜਦਕਿ ਧਮਾਕੇ ਕਾਰਨ ਹੋਏ ਕੁੱਲ ਨੁਕਸਾਨ ਦਾ ਫਿਲਹਾਲ ਮੁਲਾਂਕਣ ਕੀਤਾ ਜਾ ਰਿਹਾ ਹੈ।