ਸੁਪਰੀਮ ਕੋਰਟ ਦੇ ਰਾਫੇਲ ਡੀਲ ਦੇ ਫੈਸਲੇ 'ਤੇ ਕੈਗ ਨੂੰ ਤਲਬ ਕਰੇਗੀ ਪੈਕ : ਮਲਿਕਾਰਜੁਨ ਖੜਗੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਨੇ ਸੁਪਰੀਮ ਕੋਰਟ ਵਿਚ ਝੂਠ ਬੋਲਿਆ ਹੈ ਕਿ ਕੈਗ ਦੀ ਰੀਪੋਰਟ ਨੂੰ ਸਦਨ ਵਿਚ ਪੈਕ ਦੇ ਸਾਹਮਣੇ ਰੱਖਿਆ ਜਾ ਚੁੱਕਿਆ ਹੈ ।

Mallikarjun Kharge

ਨਵੀਂ ਦਿੱਲੀ, ( ਭਾਸ਼ਾ) : ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਰਾਫਲ ਡੀਲ 'ਤੇ ਕਲੀਨ ਚਿਟ ਦੇਣ ਦੇ ਬਾਵਜੂਦ ਵੀ ਕਾਂਗਰਸ ਨੇ ਕੈਗ (ਕੰਪਟਰੋਲਰ ਐਂਡ ਆਡਿਟਰ ਜਨਰਲ ) ਦੀ ਰੀਪੋਰਟ ਨੂੰ ਆਧਾਰ ਬਣਾ ਕੇ ਹਮਲੇ ਸ਼ੁਰੂ ਕਰ ਦਿਤੇ ਹਨ। ਪੈਕ ( ਪਬਲਿਕ ਅਕਾਉਂਟ ਕਮੇਟੀ ) ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਕੈਗ ਦੀ ਰੀਪੋਰਟ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਝੂਠ ਬੋਲਿਆ ਹੈ।

ਅਜਿਹੇ ਵਿਚ ਉਹ ਕੈਗ ਅਤੇ ਏਜੀ (ਅਟਾਰਨੀ ਜਨਰਲ ) ਨੂੰ ਤਲਬ ਕਰਨ ਜਾ ਰਹੇ ਹਨ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਨੇ ਸੁਪਰੀਮ ਕੋਰਟ ਵਿਚ ਝੂਠ ਬੋਲਿਆ ਹੈ ਕਿ ਕੈਗ ਦੀ ਰੀਪੋਰਟ ਨੂੰ ਸਦਨ ਵਿਚ ਪੈਕ ਦੇ ਸਾਹਮਣੇ ਰੱਖਿਆ ਜਾ ਚੁੱਕਿਆ ਹੈ ਅਤੇ ਪੈਕ ਨੇ ਇਸ ਦੀ ਜਾਂਚ ਵੀ ਕੀਤੀ। ਕਾਂਗਰਸ ਨੇਤਾ ਨੇ ਅੱਗੇ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਹੈ ਕਿ ਇਹ ਪਬਲਿਕ ਖੇਤਰ ਵਿਚ ਹੈ ਪਰ ਇਹ ਹੈ ਕਿਥੇ? ਕੀ ਤੁਸੀਂ ਇਸ ਨੂੰ ਦੇਖਿਆ ਹੈ?

ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਮੈਂ ਇਸ ਮਾਮਲੇ ਵਿਚ ਪੈਕ ਨੂੰ ਦੂਜੇ ਮੈਂਬਰਾਂ ਦੇ ਸਾਹਮਣੇ ਚੁੱਕਣ ਜਾ ਰਿਹਾ ਹਾਂ। ਅਸੀਂ ਏਜੀ ਅਤੇ ਕੈਗ ਨੂੰ ਵੀ ਤਲਬ ਕਰਾਂਗੇ। ਮਲਿਕਾਰਜੁਨ ਖੜਗੇ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਧੋਖੇ ਨਾਲ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ ਪਰ ਉਹ ਜਾਂਚ ਏਜੰਸੀ ਨਹੀਂ ਹੈ। ਅਜਿਹੇ ਵਿਚ ਅਸੀਂ ਰਾਫੇਲ ਡੀਲ ਤੇ ਜੀਪੀਸੀ ਦੀ ਮੰਗ ਤੇ ਅੜੇ ਹੋਏ ਹਾਂ। ਦੱਸ ਦਈਏ ਕਿ ਇਕ ਦਿਨ ਪਹਿਲਾਂ ਵੀ ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਇਸ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਵਿਚ ਪੇਜ ਨੰਬਰ 21 ਵਿਚ ਕੋਰਟ ਨੇ ਕਿਹਾ ਹੈ ਕਿ ਸਰਕਾਰ ਨੇ ਕੈਗ ਦੇ ਨਾਲ ਰਾਫੇਲ ਦੀਆਂ ਕੀਮਤਾਂ ਦਾ ਵੇਰਵਾ ਸਾਂਝਾ ਕੀਤਾ ਹੈ ਅਤੇ ਕੈਗ ਅਪਣੀ ਰੀਪੋਰਟ ਨੂੰ ਪਹਿਲਾਂ ਹੀ ਅੰਤਮ ਰੂਪ ਦੇ ਚੁੱਕਿਆ ਹੈ ਅਤੇ ਉਸ ਨੂੰ ਸੰਸਦ ਦੀ ਲੋਕ ਲੇਖਾ ਕਮੇਟੀ ਨਾਲ ਸਾਂਝਾ ਕੀਤਾ ਜਾ ਚੁੱਕਿਆ ਹੈ। ਸੂਤਰਾਂ ਮੁਤਾਬਕ ਕੈਗ ਦੀ ਰੀਪੋਰਟ ਨੂੰ ਅਜੇ ਅੰਤਮ ਰੂਪ ਦਿਤਾ ਜਾਣਾ ਬਾਕੀ ਹੈ ਅਤੇ ਇਸ ਨੂੰ ਜਨਵਰੀ ਦੇ ਆਖਰ ਤੱਕ ਪੂਰਾ ਕੀਤਾ ਜਾ ਸਕਦਾ ਹੈ।