ਲੈਫਟੀਨੈਂਟ ਜਨਰਲ ਢਿੱਲੋਂ ਨੇ 'ਕੁੱਤੇ' ਨੂੰ ਕਿਉਂ ਕੀਤਾ ਸੈਲਿਊਟ, ਤਸਵੀਰ ਵਾਇਰਲ
ਕੋਰ ਕਮਾਂਡਰ ਲੈਫਟੀਨੈਂਟ ਜਨਰਲ ਕੇ. ਜੀ. ਐੱਸ. ਢਿੱਲੋਂ ਦੀ ਇਸੇ ਸਾਲ ਜੁਲਾਈ ਮਹੀਨੇ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸ਼੍ਰੀਨਗਰ— ਕੋਰ ਕਮਾਂਡਰ ਲੈਫਟੀਨੈਂਟ ਜਨਰਲ ਕੇ. ਜੀ. ਐੱਸ. ਢਿੱਲੋਂ ਦੀ ਇਸੇ ਸਾਲ ਜੁਲਾਈ ਮਹੀਨੇ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਢਿੱਲੋਂ ਅਤੇ ਇਕ ਕੁੱਤਾ ਇਕ-ਦੂਜੇ ਨੂੰ ਸੈਲਿਊਟ ਕਰਦੇ ਨਜ਼ਰ ਆ ਰਹੇ ਹਨ। ਇਹ ਹੀ ਇਸ ਤਸਵੀਰ ਦੀ ਵਿਸ਼ੇਸ਼ਤਾ ਹੈ। ਸ਼ਨੀਵਾਰ ਯਾਨੀ ਕਿ ਕੱਲ੍ਹ ਇਸ ਤਸਵੀਰ ਨੂੰ ਟਵੀਟ ਕੀਤਾ ਗਿਆ।
ਇਸ ਤਸਵੀਰ ਨੂੰ ਰੀਟਵੀਟ ਕਰਦੇ ਹੋਏ ਲੈਫਟੀਨੈਂਟ ਜਨਰਲ ਢਿੱਲੋਂ ਨੇ ਲਿਖਿਆ, ''ਇਕ ਵਾਰ ਕਈ ਜ਼ਿੰਦਗੀਆਂ ਨੂੰ ਬਚਾਉਣ ਵਾਲੇ ਨੂੰ ਸੈਲਿਊਟ।'' ਉਨ੍ਹਾਂ ਦੱਸਿਆ ਕਿ ਇਹ ਤਸਵੀਰ ਅਮਰਨਾਥ ਯਾਤਰਾ ਦੇ ਪਹਿਲੇ ਦਿਨ ਯਾਨੀ ਕਿ 1 ਜੁਲਾਈ ਦੀ ਹੈ, ਕੈਮਰੇ 'ਚ ਇਸ ਪਲ ਨੂੰ ਕੈਪਚਰ ਕਰ ਲਿਆ ਗਿਆ ਸੀ। ਜਦੋਂ ਕੋਰ ਕਮਾਂਡਰ ਅਮਰਨਾਥ ਦੀ ਗੁਫਾ ਵਿਚ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਗੁਫਾ ਤੋਂ ਕਰੀਬ 50 ਮੀਟਰ ਦੀ ਦੂਰੀ 'ਤੇ ਕੁੱਤਾ 'ਮੇਨਕਾ' ਆਪਣੀ ਡਿਊਟੀ 'ਤੇ ਤਾਇਨਾਤ ਸੀ।
ਪਰੰਪਰਾ ਮੁਤਾਬਕ ਭਾਰਤੀ ਆਰਮੀ ਦੇ ਸਾਰੇ ਸੀਨੀਅਰ ਨੂੰ ਸੈਲਿਊਟ ਦਾ ਜਵਾਬ ਦੇਣਾ ਹੁੰਦਾ ਹੈ, ਇਸ ਲਈ ਜਨਰਲ ਢਿੱਲੋਂ ਨੇ ਵੀ ਜਵਾਬ 'ਚ ਸੈਲਿਊਟ ਕੀਤਾ। ਦੱਸ ਦਈਏ ਕਿ ਆਰਮੀ 'ਚ ਆਪਰੇਸ਼ਨ ਦੌਰਾਨ ਫੌਜੀਆਂ ਦੀ ਟੀਮ ਨਾਲ ਕੁੱਤੇ ਵੀ ਚੱਲਦੇ ਹਨ ਅਤੇ ਅਤਿਵਾਦੀਆਂ ਤੇ ਧਮਾਕਾਖੇਜ਼ ਸਮੱਗਰੀ ਦੀ ਪਹਿਚਾਣ ਕਰਨ 'ਚ ਉਨ੍ਹਾਂ ਦੀ ਮਦਦ ਕਰਦੇ ਹਨ।
ਸਾਲ 1983 'ਚ ਲੈਫਟੀਨੈਂਟ ਜਨਰਲ ਢਿੱਲੋਂ ਰਾਜਪੂਤਾਨਾ ਰਾਈਫਲਜ਼ 'ਚ ਸ਼ਾਮਲ ਹੋਏ। ਫਿਲਹਾਲ ਉਹ 15ਵੀਂ ਕੋਰ ਦੇ ਕਮਾਂਡਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਕਸ਼ਮੀਰ ਵਿਚ ਅੱਤਵਾਦੀਆਂ ਦੀ ਪਿਨ ਪੁਆਇੰਟ ਆਪਰੇਸ਼ਨ 'ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।