ਭੈਣ ਦੇ ਵਿਆਹ ਤੋਂ ਪਹਿਲਾਂ ਭਰਾ ਹੋਇਆ ਸ਼ਹੀਦ, CRPF ਦੇ ਜਵਾਨਾਂ ਨੇ ਕਰਵਾਇਆ ਸ਼ਹੀਦ ਦੀ ਭੈਣ ਦਾ ਵਿਆਹ
ਨਿਭਾਇਆ ਭਰਾ ਦਾ ਫਰਜ਼
ਰਾਏਬਰੇਲੀ: ਰਾਏਬਰੇਲੀ ਵਿੱਚ ਇੱਕ ਭੈਣ ਦੀ ਝੋਲੀ ਸੀਆਰਪੀਐਫ ਦੇ ਜਵਾਨਾਂ ਨੇ ਖੁਸ਼ੀਆਂ ਨਾਲ ਭਰ ਦਿੱਤੀ। ਦਰਅਸਲ ਸੀਆਰਪੀਐਫ ਦੇ ਸ਼ਹੀਦ ਸ਼ੈਲੇਂਦਰ ਪ੍ਰਤਾਪ ਸਿੰਘ ਦੀ ਭੈਣ ਜੋਤੀ ਦਾ ਵਿਆਹ 13 ਦਸੰਬਰ ਨੂੰ ਹੋਇਆ। ਇਸ ਦਿਨ ਕਰੀਬ ਡੇਢ ਦਰਜਨ ਸੀਆਰਪੀਐਫ ਦੇ ਜਵਾਨ ਸ਼ੈਲੇਂਦਰ ਸਿੰਘ ਦੇ ਘਰ ਪੁੱਜੇ ਅਤੇ ਸ਼ਹੀਦ ਦੀ ਭੈਣ ਦਾ ਵਿਆਹ ਕਰਵਾ ਕੇ ਭਰਾ ਦਾ ਫਰਜ਼ ਨਿਭਾਇਆ।
ਸ਼ੈਲੇਂਦਰ ਦੇ ਸਾਥੀਆਂ ਨੇ ਉਸ ਦੀ ਭੈਣ ਨੂੰ ਆਸ਼ੀਰਵਾਦ ਅਤੇ ਤੋਹਫ਼ੇ ਦਿੱਤੇ। ਜੋਤੀ ਨੂੰ ਦੁਲਹਨ ਦੇ ਕੱਪੜੇ ਪਹਿਨ ਕੇ ਮੰਡਪ ਵਿੱਚ ਲੈ ਗਏ। ਇਨ੍ਹਾਂ ਸਿਪਾਹੀਆਂ ਨੇ ਰਸਮਾਂ ਨਿਭਾ ਕੇ ਭੈਣ ਨੂੰ ਆਪਣੇ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਅਚਾਨਕ ਵਿਆਹ ਵਾਲੇ ਘਰ 'ਚ ਇਨ੍ਹਾਂ ਫੌਜੀਆਂ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ।
ਵਿਆਹ ਸਮਾਗਮ 'ਚ ਜਵਾਨਾਂ ਦੀ ਸ਼ਮੂਲੀਅਤ ਦੇਖ ਕੇ ਉਥੇ ਮੌਜੂਦ ਹਰ ਕੋਈ ਭਾਵੁਕ ਹੋ ਗਿਆ। ਭੈਣ ਨਾਲ ਜਵਾਨਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਬਾਰੇ ਸੀਆਰਪੀਐਫ ਨੇ ਇੱਕ ਟਵੀਟ ਵੀ ਕੀਤਾ। ਦੱਸ ਦੇਈਏ ਕਿ ਅਕਤੂਬਰ 2020 ਵਿੱਚ ਸੀਆਰਪੀਐਫ ਕਾਂਸਟੇਬਲ ਸ਼ੈਲੇਂਦਰ ਪ੍ਰਤਾਪ ਸਿੰਘ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਿਆ ਸੀ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਸ਼ੈਲੇਂਦਰ ਸਿੰਘ ਦੇ ਘਰ ਪਹੁੰਚ ਕੇ, ਸੀਆਰਪੀਐਫ ਦੇ ਇਨ੍ਹਾਂ ਜਵਾਨਾਂ ਨੇ ਭਰਾ ਦੀ ਕਮੀ ਨੂੰ ਭਰਨ ਦੀ ਕੋਸ਼ਿਸ਼ ਕੀਤੀ।" ਉੱਥੇ ਹੀ ਸ਼ੈਲੇਂਦਰ ਪ੍ਰਤਾਪ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਹੁਣ ਇਸ ਦੁਨੀਆ 'ਚ ਨਹੀਂ ਹੈ ਪਰ ਹੁਣ ਸੀਆਰਪੀਐੱਫ ਜਵਾਨਾਂ ਦੇ ਰੂਪ 'ਚ ਉਨ੍ਹਾਂ ਦੇ ਕਈ ਬੇਟੇ ਹਨ। ਉਹ ਜਵਾਨ ਸਾਡੇ ਦੁੱਖ-ਸੁੱਖ ਦੋਵਾਂ ਸਮਿਆਂ ਵਿੱਚ ਸਾਡੇ ਨਾਲ ਖੜੇ ਰਹਿਣਗੇ।