Delhi Acid Attack: ਮਹਿਲਾ ਕਮਿਸ਼ਨ ਨੇ Flipkart ਤੇ Amazon ਨੂੰ ਭੇਜਿਆ ਨੋਟਿਸ, ਤੇਜ਼ਾਬ ਦੀ ਆਨਲਾਈਨ ਵਿਕਰੀ 'ਤੇ ਮੰਗਿਆ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ ਮੁੱਖ ਮੁਲਜ਼ਮ ਵੱਲੋਂ ਇਕ ਈ-ਕਾਮਰਸ ਪੋਰਟਲ ਰਾਹੀਂ ਤੇਜ਼ਾਬ ਖ਼ਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ।

DCW Chief issues notice to Flipkart and Amazon



ਨਵੀਂ ਦਿੱਲੀ: ਪੱਛਮੀ ਦਿੱਲੀ 'ਚ ਇਕ ਨਾਬਾਲਗ ਵਿਦਿਆਰਥਣ 'ਤੇ ਤੇਜ਼ਾਬ ਹਮਲੇ ਦੇ ਮਾਮਲੇ 'ਚ ਦਿੱਲੀ ਮਹਿਲਾ ਕਮਿਸ਼ਨ ਸਵਾਤੀ ਮਾਲੀਵਾਲ ਨੇ ਵੀਰਵਾਰ ਨੂੰ ਤੇਜ਼ਾਬ ਵਿਕਰੀ ਨੂੰ ਲੈ ਕੇ ਦੋ ਈ-ਕਾਮਰਸ ਕੰਪਨੀਆਂ ਫਲਿਪਕਾਰਟ ਅਤੇ ਐਮਾਜ਼ੋਨ ਨੂੰ ਨੋਟਿਸ ਜਾਰੀ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਮੁੱਖ ਮੁਲਜ਼ਮ ਵੱਲੋਂ ਇਕ ਈ-ਕਾਮਰਸ ਪੋਰਟਲ ਰਾਹੀਂ ਤੇਜ਼ਾਬ ਖ਼ਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ।

ਮਹਿਲਾ ਕਮਿਸ਼ਨ ਨੇ ਤੇਜ਼ਾਬ ਦੀ ਆਨਲਾਈਨ ਵਿਕਰੀ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਦੋਵਾਂ ਕੰਪਨੀਆਂ ਤੋਂ 20 ਦਸੰਬਰ ਤੱਕ ਵਿਸਥਾਰਤ ਕਾਰਵਾਈ ਦੀ ਰਿਪੋਰਟ ਮੰਗੀ ਹੈ। ਉਹਨਾਂ ਕਿਹਾ ਕਿ, “ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਨੇ ਤੇਜ਼ਾਬ ਫਲਿਪਕਾਰਟ ਤੋਂ ਖਰੀਦਿਆ ਸੀ ਅਤੇ ਇਹ ਐਮਾਜ਼ੋਨ ਉੱਤੇ ਵੀ ਆਸਾਨੀ ਨਾਲ ਉਪਲਬਧ ਹੈ, ਜੋ ਕਿ ਗੈਰਕਾਨੂੰਨੀ ਹੈ”।  

ਦੱਸ ਦੇਈਏ ਕਿ ਪੱਛਮੀ ਦਿੱਲੀ ਦੇ ਉੱਤਮ ਨਗਰ 'ਚ ਬੁੱਧਵਾਰ ਸਵੇਰੇ ਜਦੋਂ ਇਕ ਵਿਦਿਆਰਥਣ ਸਕੂਲ ਜਾ ਰਹੀ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਕਥਿਤ ਤੌਰ 'ਤੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਤੋਂ ਬਾਅਦ 17 ਸਾਲਾ ਵਿਦਿਆਰਥਣ ਨੂੰ ਗੰਭੀਰ ਹਾਲਤ 'ਚ ਸਫਦਰਜੰਗ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਵਿਦਿਆਰਥਣ ਦਾ ਸਫਦਰਜੰਗ ਹਸਪਤਾਲ ਦੇ 'ਬਰਨ ਆਈਸੀਯੂ' 'ਚ ਇਲਾਜ ਚੱਲ ਰਿਹਾ ਹੈ।