ਦਿੱਲੀ ਏਮਜ਼ ਐਲਾਨਿਆ ਗਿਆ 'ਤੰਬਾਕੂ ਮੁਕਤ ਖੇਤਰ' 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਸ਼ਾਸਨ ਵੱਲੋਂ ਇਸ ਬਾਰੇ 'ਚ ਇੱਕ ਦਫ਼ਤਰੀ ਮੈਮੋਰੰਡਮ ਜਾਰੀ 

Image

 

ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਨੂੰ 'ਤੰਬਾਕੂ ਮੁਕਤ ਜ਼ੋਨ' ਐਲਾਨ ਦਿੱਤਾ ਗਿਆ ਹੈ।

ਹਸਪਤਾਲ ਦੇ ਕੰਪਲੈਕਸ ਵਿੱਚ ਸਿਗਰਟ-ਬੀੜੀ ਪੀਣ, ਜਾਂ ਤੰਬਾਕੂ ਚਬਾਉਣ ਵਾਲੇ ਡਾਕਟਰਾਂ, ਪੱਕੇ ਜਾਂ ਠੇਕੇ 'ਤੇ ਰੱਖੇ ਸਟਾਫ਼ ਅਤੇ ਸੁਰੱਖਿਆ ਅਮਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਏਮਜ਼ ਦੇ ਡਾਇਰੈਕਟਰ ਡਾਕਟਰ ਐਮ. ਸ਼੍ਰੀਨਿਵਾਸ ਵੱਲੋਂ ਜਾਰੀ ਦਫ਼ਤਰੀ ਮੈਮੋਰੰਡਮ (ਓ.ਐਮ.) ਅਨੁਸਾਰ ਜੇਕਰ ਕੋਈ ਠੇਕਾ ਆਧਾਰਿਤ ਮੁਲਾਜ਼ਮ ਜਾਂ ਸੁਰੱਖਿਆ ਅਮਲਾ ਹਸਪਤਾਲ ਦੇ ਅਹਾਤੇ ਵਿੱਚ ਸਿਗਰਟ ਜਾਂ ਬੀੜੀ ਪੀਂਦਾ ਜਾਂ ਕੋਈ ਤੰਬਾਕੂ ਉਤਪਾਦ ਚਬਾਉਂਦਾ ਪਾਇਆ ਗਿਆ ਤਾਂ ਉਸ ਦੀ ਸੇਵਾ ਖ਼ਤਮ ਕਰ ਦਿੱਤੀ ਜਾਵੇਗੀ।

ਓ.ਐਮ. ਅਨੁਸਾਰ ਜੇਕਰ ਕੋਈ ਪੱਕਾ ਕਰਮਚਾਰੀ ਜਾਂ ਡਾਕਟਰ ਹਸਪਤਾਲ ਦੇ ਅਹਾਤੇ ਵਿੱਚ ਸਿਗਰਟ ਪੀਂਦਾ ਜਾਂ ਤੰਬਾਕੂ ਉਤਪਾਦ ਚਬਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ, ਏਮਜ਼ ਦੇ ਅਹਾਤੇ ਵਿੱਚ ਤੰਬਾਕੂਨੋਸ਼ੀ ਅਤੇ ਥੁੱਕਣਾ ਮਰੀਜ਼ਾਂ, ਸੇਵਾਦਾਰਾਂ ਅਤੇ ਮੁਲਾਕਾਤੀਆਂ ਲਈ 200 ਰੁਪਏ ਜੁਰਮਾਨੇ ਦੇ ਨਾਲ ਸਜ਼ਾਯੋਗ ਅਪਰਾਧ ਹੋਵੇਗਾ।

ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਕੰਮ ਕਰ ਰਹੇ ਸਟਾਫ਼ ਨੂੰ ਹਿਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਹਿਣ।