ਕਰਨਾਟਕ : ਦੋ ਵਿਧਾਇਕਾਂ ਨੇ ਸੂਬਾ ਸਰਕਾਰ ਕੋਲੋਂ ਸਮਰਥਨ ਵਾਪਸ ਲਿਆ
ਕਰਨਾਟਕ ਵਿਚ ਐਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇਡੀਐਸ ਸਰਕਾਰ ਤੋਂ ਦੋ ਵਿਧਾਇਕਾਂ ਨੇ ਅਪਣਾ ਸਮਰਥਨ ਵਾਪਸ ਲੈ ਲਿਆ ਹੈ...........
ਬੰਗਲੌਰ : ਕਰਨਾਟਕ ਵਿਚ ਐਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇਡੀਐਸ ਸਰਕਾਰ ਤੋਂ ਦੋ ਵਿਧਾਇਕਾਂ ਨੇ ਅਪਣਾ ਸਮਰਥਨ ਵਾਪਸ ਲੈ ਲਿਆ ਹੈ। ਆਜ਼ਾਦ ਵਿਧਾਇਕ ਐਚ ਨਾਗੋਸ਼ ਅਤੇ ਆਰ ਸ਼ੰਕਰ (ਕੇਪੀਜੇਪੀ) ਨੇ ਰਾਜਪਾਲ ਵਜੂਭਾਈਵਾਲਾ ਨੂੰ ਚਿੱਠੀ ਲਿਖ ਕੇ ਅਪਣੇ ਇਸ ਫ਼ੈਸਲੇ ਤੋਂ ਜਾਣੂੰ ਕਰਾਇਆ ਹੈ। ਵੱਖ ਵੱਖ ਚਿੱਠੀਆਂ ਵਿਚ ਵਿਧਾਇਕਾਂ ਨੇ ਕਿਹਾ ਕਿ ਉਹ ਕਾਂਗਰਸ-ਜੇਡੀਐਸ ਗਠਜੋੜ ਸਰਕਾਰ ਨੂੰ ਦਿਤਾ ਅਪਣਾ ਸਮਰਥਨ ਤੁਰਤ ਵਾਪਸ ਲੈ ਰਹੇ ਹਨ। ਫ਼ਿਲਹਾਲ ਮੁੰਬਈ ਦੇ ਹੋਟਲ ਵਿਚ ਠਹਿਰੇ ਹੋਏ ਇਨ੍ਹਾਂ ਵਿਧਾਇਕਾਂ ਨੇ ਰਾਜਪਾਲ ਨੂੰ ਜ਼ਰੂਰੀ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ।
ਕਾਂਗਰਸ ਅਤੇ ਭਾਜਪਾ, ਦੋਵੇਂ ਹੀ ਪਾਰਟੀਆਂ ਇਕ ਦੂਜੇ ਵਿਰੁਧ ਵਿਧਾਇਕਾਂ ਨੂੰ ਤੋੜਨ ਦਾ ਦੋਸ਼ ਲਾ ਰਹੀਆਂ ਹਨ। ਉਧਰ, ਮੁੱਖ ਮੰਤਰੀ ਕੁਮਾਰਸਵਾਮੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ, 'ਮੈਂ ਪਿਛਲੇ ਹਫ਼ਤੋਂ ਟੀਵੀ ਚੈਨਲਾਂ 'ਤੇ ਸਰਕਾਰ ਬਾਰੇ ਖ਼ਬਰਾਂ ਦਾ ਮਜ਼ਾ ਲੈ ਰਿਹਾ ਹਾਂ। ਸਰਕਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਕ ਦੋ ਵਿਧਾਇਕਾਂ ਦੇ ਜਾਣ ਨਾਲ ਕੋਈ ਖ਼ਤਰਾ ਨਹੀਂ। (ਏਜੰਸੀ)