ਭਾਰਤ ਦੀ ਸੱਭ ਤੋਂ ਵੱਡੀ ਤਾਕਤ ਲੋਕਤੰਤਰ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਨੇ ਪੋਸਟ ਵਿਚ ਲਿਖਿਆ ਕਿ ਲੋਕਤੰਤਰ ਸਾਡੇ ਦੇਸ਼ ਦੀ ਸੱਭ ਤੋਂ ਵੱਡੀ ਤਾਕਤ ਹੈ। ਸਾਨੂੰ ਹਰ ਕੀਮਤ 'ਤੇ ਇਸ ਦੀ ਰੱਖਿਆ ਕਰਨੀ ਪਵੇਗੀ।

Rahul Gandhi

ਨਵੀਂ ਦਿੱਲੀ : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਫੇਸਬੁਕ ਪੋਸਟ ਵਿਚ ਸੰਸਦ ਦੀ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕਤੰਤਰ ਭਾਰਤ ਦੀ ਸੱਭ ਤੋਂ ਵੱਡੀ ਤਾਕਤ ਹੈ। ਉਹਨਾਂ ਕਿਹਾ ਕਿ ਸਾਡੀ ਸੰਸਦ ਵਿਚ ਹੁੰਦੀ ਬਹਿਸ ਨੂੰ ਦੇਖ ਕੇ ਅਫਗਾਨ ਦੇ ਇਕ ਸੰਸਦੀ ਮੈਂਬਰ ਨੇ ਮੈਨੂੰ ਕਿਹਾ ਕਿ ਸਾਡੇ ਦੇਸ਼ ਵਿਚ ਤਾਂ ਅਜਿਹੀ ਬਹਿਸ ਵੀ ਬੰਦੂਕਾਂ ਰਾਹੀਂ ਹੁੰਦੀ ਹੈ। ਰਾਹੁਲ ਨੇ ਪੋਸਟ ਵਿਚ ਲਿਖਿਆ ਕਿ ਲੋਕਤੰਤਰ ਸਾਡੇ ਦੇਸ਼ ਦੀ ਸੱਭ ਤੋਂ ਵੱਡੀ ਤਾਕਤ ਹੈ। ਸਾਨੂੰ ਹਰ ਕੀਮਤ 'ਤੇ ਇਸ ਦੀ ਰੱਖਿਆ ਕਰਨੀ ਪਵੇਗੀ।

ਕਾਂਗਰਸ ਮੁਖੀ ਨੇ ਸੰਸਦ ਦੀ ਇਕ ਘਟਨਾ ਸਬੰਧੀ ਲਿਖਿਆ ਕਿ ਸੰਸਦ ਵਿਚ ਇਕ ਦਿਨ ਮੈਂਬਰ ਬਹਿਸ ਕਰ ਰਹੇ ਸਨ। ਇਸ ਦੌਰਾਨ ਮੈਂ ਵਿਜ਼ਟਰਸ ਗੈਲਰੀ ਵਿਚ ਅਫਗਾਨਿਸਤਾਨ ਤੋਂ ਆਏ ਕੁਝ ਸੰਸਦੀ ਮੈਂਬਰਾਂ ਨੂੰ ਬੈਠੇ ਦੇਖਿਆ। ਰਾਹੁਲ ਨੇ ਕਿਹਾ ਕਿ ਮੈਂ ਉਸ ਵੇਲ੍ਹੇ ਇਹ ਸੋਚ ਰਿਹਾ ਸਾਂ ਕਿ ਸਾਡੀ ਸੰਸਦ ਵਿਚ ਵਿਦੇਸ਼ ਤੋਂ ਆਏ ਹੋਏ ਸੰਸਦੀ ਮੈਂਬਰ ਬੈਠੇ ਹੋਏ ਹਨ ਅਤੇ ਅਸੀਂ ਲੋਕ ਕੀ ਕਰ ਰਹੇ ਹਾਂ। ਅਸੀਂ ਚੀਕ ਰਹੇ ਹਾਂ। ਬਹਿਸ ਦੌਰਾਨ ਲੜਾਈ ਹੋ ਰਹੀ ਸੀ। ਲੋਕ ਇਕ ਦੂਜੇ 'ਤੇ ਚੀਕ ਰਹੇ ਸਨ। ਮੈਂ ਇਹ ਸੋਚ ਰਿਹਾ ਸੀ ਕਿ ਜਦ ਵਿਦੇਸ਼ੀ ਲੋਕ ਇਥੇ ਮੌਜੂਦ ਹਨ ਤਾਂ ਕੀ ਇਹ ਸੰਸਦ ਸਹੀ ਤਰੀਕੇ ਨਾਲ ਨਹੀਂ ਚਲ ਸਕਦੀ।

ਬਾਅਦ ਵਿਚ ਅਫਗਾਨਿਸਤਾਨ ਦੀ ਸੰਸਦੀ ਮੈਂਬਰ ਮੇਰੇ ਦਫ਼ਤਰ ਵਿਚ ਮੈਨੂੰ ਮਿਲਣ ਆਈ। ਮੈਂ ਉਸ ਤੋਂ ਮਾਫੀ ਮੰਗੀ ਕਿ ਸਾਡੇ ਸੰਸਦ ਦੇ ਮੈਂਬਰ ਬਹਿਸ ਦੌਰਾਨ ਚੀਕ ਰਹੇ ਸਨ ਅਤੇ ਲੜਾਈ ਕਰ ਰਹੇ ਸਨ। ਰਾਹੁਲ ਨੇ ਲਿਖਿਆ ਜਦ ਮੈਂ ਉਸ ਤੋਂ ਮਾਫੀ ਮੰਗੀ ਤਾਂ ਅਫਗਾਨਿਸਤਾਨ ਦੀ ਸੰਸਦੀ ਮੈਂਬਰ ਰੋਣ ਲਗੀ। ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ। ਮੈਂ ਉਸ ਨੂੰ ਪੁੱਛਿੱਆ ਕਿ ਕੀ ਹੋਇਆ ਹੈ। ਉਸ ਨੇ ਮੈਨੂੰ ਕਿਹਾ ਕਿ ਰਾਹੁਲ ਜੀ ਕੀ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਦੀ ਬਹਿਸ ਤੁਹਾਡੀ ਸੰਸਦ ਵਿਚ ਹੋ ਰਹੀ ਹੈ, ਅਜਿਹੀ ਬਹਿਸ ਸਾਡੇ ਦੇਸ਼ ਵਿਚ ਬੰਦੂਕਾਂ ਰਾਹੀਂ ਹੁੰਦੀ ਹੈ।